ਅੰਮ੍ਰਿਤਸਰ, 14 ਜੁਲਾਈ (ਰੇਸ਼ਮ ਸਿੰਘ)-ਕੌਮੀ ਚੋਣ ਕਮਿਸ਼ਨ ਨਵੀਂ ਦਿੱਲੀ ਦੇ ਅਧੀਨ ਸਕੱਤਰ ਰਾਕੇਸ਼ ਕੁਮਾਰ ਵਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਈ.ਵੀ.ਐੱਮ. ਵੇਅਰਹਾਊਸ ਅਤੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਵਿਸਤ੍ਰਿਤ ਨਿਰੀਖਣ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਪੱਲਵੀ ਮਿਸ਼ਰਾ ਤੇ ਚੋਣ ਤਹਿਸੀਲਦਾਰ ਅੰਮ੍ਰਿਤਸਰ ਰਾਜਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਨਿਰੀਖਣ ਦੌਰਾਨ ਰਾਕੇਸ਼ ਕੁਮਾਰ ਨੇ ਈ.ਵੀ.ਐੱਮ. ਵੇਅਰਹਾਊਸ ਵਿਚ ਮਸ਼ੀਨਾਂ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ, ਐਕਸੈੱਸ ਕੰਟਰੋਲ, ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਸਟਰਾਂਗ ਰੂਮ ਦੀ ਸੁਰੱਖਿਆ ਅਤੇ ਹੋਰ ਮਿਆਰੀ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਈ.ਵੀ.ਐੱਮ. ਦੀ ਸੁਰੱਖਿਆ ਚੋਣ ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਪੱਖ ਹੈ ਅਤੇ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਲੋਂ ਈ.ਵੀ.ਐੱਮ. ਵੇਅਰਹਾਊਸ ਵਿਖੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਉਪਰੰਤ ਰਾਕੇਸ਼ ਕੁਮਾਰ ਨੇ ਸਰਕਾਰੀ ਮਿਡਲ ਸਕੂਲ ਰਾਮਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਅਤੇ ਸ਼ਹੀਦ ਜੈਮਲ ਸਿੰਘ ਬੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਕਲਾਂ ਵਿਖੇ ਸਥਿਤ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪੋਲਿੰਗ ਸਟੇਸ਼ਨਾਂ ਦੀ ਭੌਤਿਕ ਸਥਿਤੀ, ਰੈਂਪ, ਪੋਲਿੰਗ ਕਮਰਿਆਂ, ਪੀਣ ਵਾਲੇ ਪਾਣੀ, ਟਾਇਲਟਾਂ ਅਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਨੂੰ ਨਿਰਧਾਰਤ ਮਿਆਰਾਂ ਅਨੁਸਾਰ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ।
ਈ.ਵੀ.ਐੱਮ. ਵੇਅਰਹਾਊਸ ਤੇ ਚੋਣ ਸਟੇਸ਼ਨਾਂ ਦਾ ਚੋਣ ਕਮਿਸ਼ਨਰ ਦੇ ਅਧੀਨ ਸਕੱਤਰ ਰਾਕੇਸ਼ ਕੁਮਾਰ ਵਲੋਂ ਦੌਰਾ
ਅਜੀਤ ਡੈਸਕ
15-07-2026