ਮਾਨਾਂਵਾਲਾ, 24 ਜੁਲਾਈ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ, ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਵਲੋਂ 1927 ‘ਚ ਆਰੰਭੀ ਵਾਤਾਵਰਨ ਸੰਭਾਲ ਮੁਹਿੰਮ 100 ਸਾਲ ਪੂਰੇ ਹੋਣ ਸੰਬੰਧੀ ਪਿੰਗਲਵਾੜਾ ਸੰਸਥਾ ਨੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਪੂਰੇ ਵਰ੍ਹੇ ਲਈ ਉਲੀਕੇ ਗਏ ਵਾਤਾਵਰਨ ਸੰਭਾਲ ਪ੍ਰੋਗਰਾਮਾਂ ਦੀ ਲੜੀ ਤਹਿਤ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ ‘ਤੇ ਸਥਿਤ ਸੰਸਥਾ ਦੇ ਮਾਨਾਂਵਾਲਾ ਕੈਂਪਸ ਦੇ ਬਾਹਰ 1400 ਲੰਬੀ ਤੇ 20 ਫੁੱਟ ਚੌੜੀ ਹਰਿਆਵਲ ਪੱਟੀ ਬਣਾਈ ਗਈ ਅਤੇ ਮਾਨਾਂਵਾਲਾ ਕੈਂਪਸ ਦੇ ਅੰਦਰ 300 ਬੂਟੇ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਗਲਵਾੜਾ ਸੰਸਥਾ ਦੇ ਟਰੱਸਟੀ ਤੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ, ਧੀਰੇਕੋਟ ਦੇ ਇੰਚਾਰਜ ਮਾਸਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਡਾ. ਇੰਦਰਜੀਤ ਕੌਰ ਦੀ ਯੋਗ ਅਗਵਾਈ ਵਿਚ ਭਗਤ ਪੂਰਨ ਸਿੰਘ ਵਲੋਂ 1927 ‘ਚ ਆਰੰਭੀ ਵਾਤਾਵਰਨ ਸੰਭਾਲ ਮੁਹਿੰਮ 100 ਸਾਲ ਪੂਰੇ ਹੋਣ ਸੰਬੰਧੀ ਪਿੰਗਲਵਾੜਾ ਸੰਸਥਾ ਜਿਥੇ ਅਨੇਕਾਂ ਜਾਗਰੂਕਤਾ ਰੈਲੀਆਂ, ਸਕੂਲਾਂ ਕਾਲਜਾਂ ‘ਚ ਸੈਮੀਨਾਰ ਆਦਿ ਕਰਵਾ ਰਹੀ ਹੈ ਉਥੇ ਪਿੰਗਲਵਾੜਾ ਸੰਸਥਾ ਦੇ 34 ਏਕੜ ਦੇ ‘ਚ ਬਣੇ ਮਾਨਾਂਵਾਲਾ ਕੈਂਪਸ ਦੇ ਬਾਹਰ 1400 ਫੁੱਟ ਦੀ ਇਕ ਵਿਸ਼ਾਲ ਹਰਿਆਵਲ ਤੇ ਸੁੰਦਰ ਪੱਟੀ ਬਣਾਈ ਜਾ ਰਹੀ ਹੈ, ਜਿਸ ਵਿਚ ਬਿਜ਼ਲੀ ਦੀਆਂ ਹਾਈਵੋਲਟੇਜ ਤਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਤਿੰਨ ਲਾਈਨਾਂ ਵਿਚ ਚਾਂਦਨੀ, ਮੋਰ ਪੰਖੀਆਂ ਤੇ ਸਰੂ ਦੇ ਬੂਟੇ ਲਗਾਏ ਗਏ ਹਨ, ਜੋ ਕੁਝ ਹੀ ਸਮੇਂ ਵਿਚ ਪਿੰਗਲਵਾੜਾ ਦੀ ਬਾਹਰੀ ਦਿੱਖ ਨੂੰ ਹਰਿਆ ਭਰਿਆ ਤੇ ਸੁੰਦਰ ਬਣਾ ਦੇਣਗੇ। ਉਨ੍ਹਾਂ ਦੱਸਿਆ ਕਿ ਮਾਨਾਂਵਾਲਾ ਕੈਂਪਸ ਵਿਚ 3000 ਹਜਾਰ ਦੇ ਕਰੀਬ ਰੁੱਖ ਲੱਗੇ ਹੋਏ ਹਨ, ਜਿਨ੍ਹਾਂ ਨਾਲ ਪੂਰੇ 34 ਏਕੜ ਵਿਚ ਵਾਤਾਵਰਨ ਹਮੇਸ਼ਾਂ ਖੁਸ਼ਗੁਆਰ ਬਣਿਆ ਰਹਿੰਦਾ ਹੈ ਅਤੇ ਪੂਰੇ ਕੈਂਪਸ ਵਿਚ ਇਕ ਏ.ਸੀ. ਨਹੀਂ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਮਾਨਾਂਵਾਲਾ ਕੈਂਪਸ ਵਿਚ ਇਸ ਵਾਰ 300 ਬੂਟੇ ਹੋਰ ਲਾਏ ਜਾ ਰਹੇ ਹਨ। ਇਸ ਮੌਕੇ ਰਜਿੰਦਰ ਸਿੰਘ ਪੱਪੂ, ਪ੍ਰੋ: ਕੁਲਦੀਪ ਸਿੰਘ, ਤੇਜਿੰਦਰਭਾਨ ਸਿੰਘ ਬੇਦੀ, ਅਮਰਜੀਤ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।