ਅੰਮ੍ਰਿਤਸਰ, 12 ਅਗਸਤ (ਹਰਮਿੰਦਰ ਸਿੰਘ)- ਨਗਰ ਨਿਗਮ ਦੀ ਵਾਰਡ ਨੰ: 2 ਦੇ ਅਧੀਨ ਆਉਂਦੀ ਸੜਕ ਗੁਮਟਾਲਾ- ਲੁਹਾਰਕਾ ਰੋਡ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਇਸ ਸੜਕ ’ਤੇ ਪੈਂਦੀਆਂ ਵੱਖ ਵੱਖ ਕਾਲੋਨੀਆਂ ਦੇ ਵਸਨੀਕਾਂ ਨੇ ਹਰਮਨ ਸਿੰਘ ਗੁਮਟਾਲਾ ਦੀ ਅਗਵਾਈ ਹੇਠ ਨਿਗਮ ਦੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਦੋ ਹਫਤਿਆਂ ਅੰਦਰ ਸੜਕ ਨਾ ਬਣਾਏ ’ਤੇ ਵੱਡਾ ਸੰਘਰਸ਼ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ। ਇਸ ਦੌਰਾਨ ਗੱਲਬਾਤ ਕਰਦੇ ਹੋਏ ਹਰਮਨ ਸਿੰਘ ਗੁਮਟਾਲਾ, ਰਣਜੀਤ ਵਿਹਾਰ ਲੁਹਾਰਕਾ ਰੋਡ ਕਮੇਟੀ ਦੇ ਪ੍ਰਧਾਨ ਕੈਪਟਨ ਜਵਾਹਰ ਸਿੰਘ, ਦਲਜੀਤ ਸਿੰਘ ਢਿੱਲੋਂ ਪ੍ਰਧਾਨ ਸਰਬ ਲੋਕ ਭਲਾਈ ਕਮੇਟੀ , ਤਰਸੇਮ ਸਿੰਘ ਚਾਹਲ, ਬਲਦੇਵ ਰਾਜ ਸ਼ਰਮਾ ਨੇ ਕਿਹਾ ਕਿ ਉਪਰੋਕਤ ਸੜਕ ਵਿਧਾਨ ਸਭਾ ਹਲਕਾ ਪੱਛਮੀ ਦੇ ਅਧੀਨ ਵਾਰਡ ਨੰ: 2 ’ਚ ਪੈਂਦੀ ਹੈ। ਇਸ ਸੜਕ ’ਤੇ ਅੱਧੀ ਦਰਜ਼ਨ ਦੇ ਕਰੀਬ ਕਾਲੋਨੀਆਂ ਵੱਸੀਆਂ ਹਨ ਅਤੇ ਇਹ ਸੜਕ ਲੋਹਾਰਕਾ ਰੋਡ ਨੂੰ ਗੁਮਟਾਲਾ ਪਿੰਡ ਤੋਂ ਇਲਾਵਾ ਮਾਲਾਵਾਲੀ , ਤਾਬੋਵਾਲੀ ਤੋਂ ਹੁੰਦੀ ਹੋਈ ਹਵਾਈ ਅੱਡਾ ਰੋਡ ਨਾਲ ਮਿਲਦੀ ਹੈ। ਇਸ ਤੋਂ ਇਲਾਵਾ ਇਸ ਸੜਕ ’ਤੇ ਇਕ ਬਹੁਤ ਵੱਡਾ ਸਕੂਲ ਵੀ ਪੈਂਦਾ ਜਿਸ ਵਿਚ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਉਕਤ ਸੜਕ ਦੀ ਕਈ ਸਾਲਾਂ ਤੋਂ ਸਾਰ ਨਹੀਂ ਲਈ ਗਈ। ਜਿਸ ਕਾਰਨ ਸੜਕ ਦੇ ਵਿਚਕਾਰ ਵੱਡੇ ਵੱਡੇ ਟੋਏ ਪਏ ਹਨ ਜ਼ਿਨ੍ਹਾਂ ਵਿਚ ਡਿੱਗ ਕੇ ਰਾਹਗੀਰ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਸੰਬੰਧੀ ਇਲਾਕੇ ਦੇ ਲੋਕਾਂ ਵਲੋਂ ਕੌਂਸਲਰ , ਅੰਮ੍ਰਿਤਸਰ ਦੇ ਮੇਅਰ ਅਤੇ ਕਮਿਸ਼ਨਰ ਨੂੰ ਵੀ ਲਿਖਤ ਰੂਪ ਵਿਚ ਕਈ ਵਾਰ ਆਪਣੀਆਂ ਸਮਸਿਆਵਾਂ ਤੋਂ ਜਾਣੂੰ ਕਰਵਾਉਣ ਅਤੇ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਹੈ ਪਰ ਹਰ ਵਾਰ ਉਨ੍ਹਾਂ ਨੂੰ ਭਰੋਸਾ ਦੇ ਕੇ ਤੌਰ ਦਿੱਤਾ ਜਾਂਦਾ ਹੈ। ਇਸ ਦੌਰਾਨ ਹਰਮਨ ਸਿੰਘ ਗੁਮਟਾਲਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋ ਹਫਤਿਆ ’ਚ ਇਸ ਸੜਕ ਨੂੰ ਨਾ ਬਣਾਇਆ ਗਿਆ ਤਾਂ ਇਲਾਕੇ ਦੀਆਂ ਸਾਰੀਆਂ ਕਾਲੋਨੀਆਂ ਦੇ ਵਸਨੀਕਾਂ ਨੂੰ ਨਾਲ ਲੈ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ । ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਐੱਚ. ਐੱਸ. ਵਿਰਕ ਪ੍ਰਧਾਨ ਮਾਝਾ ਜ਼ੋਨ ਵੈਟ ਵੈਲਫੇਅਰ ਔਰਗਨਾਈਜੇਸ਼ਨ, ਮਨਜਿੰਦਰ ਸਿੰਘ ਰਣਜੀਤ ਵਿਹਾਰ, ਸਰਬਜੀਤ ਸਿੰਘ, ਦਰਸ਼ਨ ਸਿੰਘ ਰਕੇਸ਼ ਕੁਮਾਰ, ਅਜੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੰਧੂ, ਹਰਪਾਲ ਸਿੰਘ ਢਿੱਲੋਂ ਗੁਮਟਾਲਾ, ਗੁਰਵਿੰਦਰ ਸਿੰਘ ਲੁਹਾਰਕਾ ਰੋਡ, ਗੁਰਮੀਤ ਸਿੰਘ ਕੰਬੋਜ਼ ਆਦਿ ਮੌਜੂਦ ਸਨ।
ਲੁਹਾਰਕਾ ਰੋਡ-ਗੁਮਟਾਲਾ ਲਿੰਕ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਲੋਕਾਂ ’ਚ ਰੋਸ
ਲੁਹਾਰਕਾ ਰੋਡ-ਗੁਮਟਾਲਾ ਲਿੰਕ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਲੋਕਾਂ ’ਚ ਰੋਸ
ਅਜੀਤ ਡੈਸਕ
13-08-2026