15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅੰਮ੍ਰਿਤਸਰ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ : ਅਕਾਲ ਤਖ਼ਤ ਸਾਹਿਬ ਸਕੱਤਰੇਤ ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੀ ਰਹੇ ਬੰਦ

ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਦੋ ਦਿਨ ਪਹਿਲਾਂ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਉੱਘੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਦਿਨ ਦੀਵੀਂ ਹੋਏ ਕਤਲ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਅੱਜ ਗੁਰੂ ਨਗਰੀ ਵਿਖੇ ਭਰਵਾਂ ਹੁੰਗਾਰਾ ਮਿਲਿਆ ਤੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਇਸੇ ਦੌਰਾਨ ਜਿੱਥੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਬੰਦ ਰਿਹਾ, ਉਥੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਵੀ ਆਪਣਾ ਦਫ਼ਤਰ ਅਤੇ ਸਮੂਹ ਅਦਾਰੇ ਵੀ ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਬੰਦ ਰਹੇ।

Ad Position 21
No active advertisement
ਅਜੀਤ ਡੈਸਕ 16-10-2026

ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਦੋ ਦਿਨ ਪਹਿਲਾਂ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਉੱਘੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਦਿਨ ਦੀਵੀਂ ਹੋਏ ਕਤਲ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਅੱਜ ਗੁਰੂ ਨਗਰੀ ਵਿਖੇ ਭਰਵਾਂ ਹੁੰਗਾਰਾ ਮਿਲਿਆ ਤੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਇਸੇ ਦੌਰਾਨ ਜਿੱਥੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਬੰਦ ਰਿਹਾ, ਉਥੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਵੀ ਆਪਣਾ ਦਫ਼ਤਰ ਅਤੇ ਸਮੂਹ ਅਦਾਰੇ ਵੀ ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਬੰਦ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਵਿਧਾਇਕ ਗਿਆਸਪੁਰਾ ਵਲੋਂ ਕੀਤੀ ਬਿਆਨਬਾਜ਼ੀ ਮਾਮਲੇ ਵਿਚ ਅੱਜ ਸਪੱਸ਼ਟੀਕਰਨ ਲਈ ਪੇਸ਼ ਹੋਣ ਵਾਲੇ ਆਪ ਪਾਰਟੀ ਦੇ 12 ਵਿਧਾਇਕਾਂ ਤੇ ਤਿੰਨ ਹੋਰ ਆਗੂਆਂ ਨੂੰ ਪਹਿਲਾਂ ਹੀ ਕੱਲ੍ਹ 16 ਅਕਤੂਬਰ ਨੂੰ ਆਉਣ ਲਈ ਕਹਿ ਦਿੱਤਾ ਗਿਆ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਘਟ ਰਹੀ ਸ਼ਰਧਾਲੂਆਂ ਦੀ ਆਮਦ : ਅੱਜ ਦੇ ਪੰਜਾਬ ਬੰਦ ਦੌਰਾਨ ਸੜਕਾਂ ਰੋਕੇ ਜਾਣ ਦੇ ਖਦਸ਼ੇ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਦੂਜੇ ਸ਼ਹਿਰਾਂ ਤੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਆਦਮ ਆਮ ਨਾਲੋਂ ਕਾਫ਼ੀ ਘੱਟ ਰਹੀ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਵਿਰਾਸਤੀ ਮਾਰਗ , ਜਿਥੇ ਆਮ ਦਿਨਾਂ ਵਿਚ ਸ਼ਰਧਾਲੂਆਂ ਤੇ ਸੈਲਾਨੀਆਂ ਨਾਲ ਗਹਿਮਾ ਗਹਿਮੀ ਨਜ਼ਰ ਆਉਂਦੀ ਹੈ, ਵਿਖੇ ਵੀ ਦਿਨ ਸਮੇਂ ਇਕ ਤਰ੍ਹਾਂ ਬੇਰੌਣਕੀ ਛਾਈ ਰਹੀ। ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਘੰਟਾ ਘਰ ਪਲਾਜ਼ਾ ਦੀਆਂ ਮਾਰਕੀਟਾਂ ਵੀ ਅੱਜ ਬੰਦ ਰਹੀਆਂ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਭੰਡਾਰੀ ਪੁਲ ਅਤੇ ਹਾਲ ਬਾਜ਼ਾਰ ’ਚ ਮਾਰਚ ਕੱਢਿਆ : ਇਸੇ ਦੌਰਾਨ ਅੱਜ ਵੱਖ-ਵੱਖ ਪੰਥਕ, ਸਿਆਸੀ ਤੇ ਕਿਸਾਨ ਜਥੇਬੰਦੀਆਂ ਵਲੋਂ ਵੀ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਹਿਰ ਦੀ ਲਾਈਫ਼ ਲਾਈਨ ਭੰਡਾਰੀ ਪੁਲ, ਪ੍ਰਮੁੱਖ ਵਪਾਰਕ ਕੇਂਦਰ ਹਾਲ ਬਾਜ਼ਾਰ, ਬੱਸ ਸਟੈਂਡ ਤੇ ਗੋਲਡਨ ਗੇਟ ਸਮੇਤ ਹੋਰ ਥਾਵਾਂ ’ਤੇ ਮਾਰਚ ਕੱਢ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਕਈ ਥਾਵਾਂ ’ਤੇ ਕੁਝ ਸਮਾਂ ਰੋਸ ਧਰਨੇ ਦਿੱਤੇ ਗਏ ਤੇ ਸ਼ਹਿਰ ਵਾਸੀਆਂ ਨੂੰ ਅੱਜ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਸ਼ਹਿਰ ਵਾਸੀਆਂ ਅਤੇ ਕਾਰੋਬਾਰੀਆਂ ਨੇ ਵੀ ਬੰਦ ਨੂੰ ਪੂਰਾ ਸਮਰਥਨ ਦੇ ਕੇ ਆਪਣੇ ਕਾਰੋਬਾਰ ਬੰਦ ਰੱਖੇ। ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸ਼ਹਿਰੀ ਟੀਮ ਨੇ ਪਾਰਟੀ ਦੇ ਸੂਬਾਈ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਦੀ ਅਗਵਾਈ ਹੇਠ ਬੰਦ ਨੂੰ ਸਫ਼ਲ ਬਣਾਉਣ ਹਿਤ ਮਾਰਚ ਕੱਢਿਆ ਗਿਆ ਤੇ ਸ਼ਹਿਰ ਦੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਬੀਰ ਸਿੰਘ ਚੀਮਾ (ਪ੍ਰਧਾਨ ਯੂਥ ਦਲ ਸ਼ਹਿਰੀ), ਬੀਬੀ ਨਵਦੀਪ ਕੌਰ (ਪ੍ਰਧਾਨ ਇਸਤਰੀ ਵਿੰਗ ਸ਼ਹਿਰੀ), ਬੀਬੀ ਰਾਜਵੰਤ ਕੌਰ, ਬੀਬੀ ਰਣਜੀਤ ਕੌਰ ਰਾਣੀ, ਰਣਜੀਤ ਸਿੰਘ, ਬਲਜੀਤ ਸਿੰਘ ਚਾਟੀਵਿੰਡ, ਹਰਕਮਲਪ੍ਰੀਤ ਸਿੰਘ, ਜਰਮਨਦੀਪ ਸਿੰਘ, ਮਹਿੰਦਰਪਾਲ ਸਿੰਘ ਤੁੰਗ, ਭਾਈ ਹਰਪ੍ਰੀਤ ਸਿੰਘ, ਡਾ. ਬਰਿੰਦਰ ਸਿੰਘ, ਭਾਈ ਪ੍ਰਗਟ ਸਿੰਘ ਮੀਰਾਂਕੋਟ ਆਦਿ ਆਗੂ ਵੀ ਸ਼ਾਮਿਲ ਸਨ। ਇਸ ਦੌਰਾਨ ਸ. ਪੱਧਰੀ ਤੋਂ ਇਲਾਵਾ ਫੈਡਰੇਸ਼ਨ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਤੇ ਹੋਰ ਆਗੂਆਂ ਨੇ ਵੀ ਵੱਖ-ਵੱਖ ਥਾਵਾਂ ’ਤੇ ਕੀਤੇ ਰੋਸ ਪ੍ਰਦਰਸ਼ਨਾਂ ਦੌਰਾਨ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਸ ਮਾਮਲੇ ਵਿਚ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਈ ਜਾਵੇ ਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਇਸੇ ਦੌਰਾਨ ਪ੍ਰਾਪਤ ਵੇਰਵਿਆਂ ਅਨੁਸਾਰ ਭੰਡਾਰੀ ਪੁਲ ’ਤੇ ਰੋਸ ਪ੍ਰਦਰਸ਼ਨ ਦੌਰਾਨ ਜੇਲ੍ਹ ਵਿਚ ਨਜ਼ਰਬੰਦ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਭਾਈ ਹਰਦੀਪ ਸਿਘ ਨੇ ਕੁਝ ਸਾਥੀਆਂ ਸਮੇਤ ਜਦੋਂ ਸੜਕੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਕੁਝ ਸਾਥੀਆਂ ਸਮੇਤ ਕੁੱਝ ਸਮੇਂ ਲਈ ਹਿਰਾਸਤ ਵਿਚ ਵੀ ਲਿਆ। ਸੜਕੀ ਆਵਾਜਾਈ ਨਿਰਵਿਘਨ ਜਾਰੀ ਰਹੀ, ਪਰ ਆਮ ਲੋਕ ਸੜਕਾਂ ਤੇ ਘੱਟ ਹੀ ਨਿਕਲੇ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਗਗਨਦੀਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਅਕਾਲੀ ਦਲ (ਅ) ਦੇ ਹਰਮਨਦੀਪ ਸਿੰਘ, ਰਵੀਸ਼ੇਰ ਸਿੰਘ, ਤਰਲੋਕ ਸਿੰਘ ਬਿੱਟਾ, ਜਥੇਦਾਰ ਜੋਗਾ ਸਿੰਘ ਵਡਾਲਾ, ਤੀਰਥ ਸਿੰਘ ਕੋਹਾਲੀ ਬਲਵਿੰਦਰ ਸਿੰਘ ਮੂਧਲ, ਬੀਬੀ ਪਰਮਜੀਤ ਕੌਰ ਸੈਣੀ ਸਾਂਝਾ ਐਕਸ਼ਨ ਫਰੰਟ ਪੰਜਾਬ ਤੇ ਬੀਬੀ ਸੁੱਖਵਿੰਦਰ ਕੌਰ ਪੱਟੀ ਸਮੇਤ ਹੋਰ ਪੰਥਕ ਤੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕਰਦਿਆਂ ਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ। ਇਥੇ ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਅਤੇ ਛੋਟੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਤਾਂ ਅੱਜ ਦੇ ਬੰਦ ਦੌਰਾਨ ਸੜਕਾਂ ’ਤੇ ਨਜ਼ਰ ਆਏ ਪਰ, ਵੱਡੀਆਂ ਧਾਰਮਿਕ ਤੇ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਸ਼ਹਿਰ ਦੇ ਵੱਡੇ ਕੱਦ ਵਾਲੇ ਆਗੂ ਰੋਸ ਪ੍ਰਦਰਸ਼ਨਾਂ ਦੌਰਾਨ ਨਜ਼ਰ ਨਹੀਂ ਆਏ। ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੇ ਰਾਜਾਸਾਂਸੀ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਰਾਜਾਸਾਂਸੀ, (ਹਰਦੀਪ ਸਿੰਘ ਖੀਵਾ)-ਬੀਤੇ ਦਿਨੀਂ ਮਾਨਸਾ ’ਚ ਪਰਮਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਜਨਤਕ ਜਥੇਬੰਦੀਆਂ ਦੀ ਅਗਵਾਈ ਵਿਚ ਪਿੰਡ ਮੱਲੂ ਨੰਗਲ, ਅਦਲੀਵਾਲਾ, ਬੂਆਨੰਗਲੀ, ਝੰਜੋਟੀ ਦੇ ਕਿਸਾਨ ਮਜ਼ਦੂਰਾਂ ਅਤੇ ਨੌਜਵਾਨਾਂ ਨੇ ਮਾਨ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦਾ ਪੁਤਲਾ ਰਾਜਾਸਾਂਸੀ ਪ੍ਰਮੁੱਖ ਮਾਰਗ ’ਤੇ ਫੂਕਿਆ ਅਤੇ ਜੰਮ ਕੇ ਰੋਸ ਮੁਜ਼ਾਰਾ ਕੀਤਾ ਗਿਆ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੇਂਦਰ ਦੀਆਂ ਏਜੰਸੀਆਂ ਅਤੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਨਸ਼ਾ ਸਰੇਆਮ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਇਹ ਦਾਵਾ ਕਰ ਰਹੀ ਹੈ ਕਿ ਉਹਨਾਂ ਵਲੋਂ ਨਸ਼ਾ ਬੰਦ ਕਰ ਦਿੱਤਾ ਪਰ ਇਸ ਕਤਲ ਨੇ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਅਤੇ ਹਕੀਕਤ ਲੋਕਾਂ ਦੇ ਸਾਹਮਣੇ ਹੈ । ਉਨ੍ਹਾਂ ਕਿਹਾ ਕਿ ਅੱਜ ਨਸ਼ਾ ਤਸਕਰਾਂ ਦੇ ਕੋਲ ਲਾਇਸੰਸੀ ਹਥਿਆਰ ਹਨ ਅਤੇ ਜਿਹੜੇ ਇਸਦਾ ਵਿਰੋਧ ਕਰਦੇ ਹਨ ਉਹ ਨਿਹੱਥੇ ਹਨ। ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਦਿਓ ਪਰ ਜੇ ਕੋਈ ਹਿੰਮਤ ਕਰਕੇ ਇਹਨਾਂ ਦਾ ਨਾਂਅ ਲੈ ਲੈਂਦਾ ਹੈ ਤਾਂ ਨਸ਼ਾ ਤਸਕਰ ਜਾਨੋ ਮਾਨ ਦੀਆਂ ਧਮਕੀਆਂ ਦਿੰਦੇ ਹਨ ਅਤੇ ਕਈਆਂ ਨੂੰ ਕਤਲ ਵੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਐਕਸ਼ਨ ਕਮੇਟੀ ਜੋ ਵੀ ਅਵਾਜ਼ ਦਵੇਗੀ ਉਸ ਨੂੰ ਵੱਡੀ ਪੱਧਰ ਤੇ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਨੌਜਵਾਨ ਹਾਜ਼ਰ ਸਨ । ਛੇਹਰਟਾ ਬਾਜ਼ਾਰ ਪੂਰੀ ਤਰ੍ਹਾਂ ਰਿਹਾ ਬੰਦ, ਛੇਹਰਟਾ ਚੌਕ ’ਚ ਜ਼ਬਰਦਸਤ ਰੋਸ ਧਰਨਾ ਛੇਹਰਟਾ, (ਪੱਤਰ ਪ੍ਰੇਰਕ)-ਪੰਜਾਬ ਵਿਚ ਨਸ਼ਿਆਂ ਵਿਰੁੱਧ ਜੰਗ ਲੜਨ ਵਾਲੇ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਛੇਹਰਟਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ ਤੇ ਛੇਹਰਟਾ ਚੌਂਕ ਵਿਖੇ ਉੱਘੇ ਸਮਾਜ ਸੇਵਕ ਸਰਬਜੀਤ ਸਿੰਘ ਹੈਰੀ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਧਰਨਾ ਲਗਾਇਆ ਗਿਆ। ਇਸ ਧਰਨੇ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਪ੍ਰਤੀ ਰੋਸ ਪ੍ਰਗਟ ਕੀਤਾ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਰੋਸ ਧਰਨੇ ਨੂੰ ਸਫਲ ਬਣਾਉਣ ਵਿਚ ਛੇਹਰਟਾ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ, ਰੇਹੜੀ-ਫੜ੍ਹੀ ਲਗਾਉਣ ਵਾਲੇ ਵੀਰਾਂ ਅਤੇ ਮੈਡੀਕਲ ਸਟੋਰਾਂ ਦੇ ਸੰਚਾਲਕਾਂ ਨੇ ਪੂਰਨ ਸਹਿਯੋਗ ਦਿੱਤਾ। ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਦਿੱਤੇ ਗਏ ਇਸ ਸਹਿਯੋਗ ਨੇ ਨਸ਼ਿਆਂ ਦੀ ਸਮੱਸਿਆ ਅਤੇ ਇਸ ਵਿਰੁੱਧ ਸੰਘਰਸ਼ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਦੀ ਚਿੰਤਾ ਨੂੰ ਉਜਾਗਰ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਹੈਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਲੋਕਾਂ ਦੀ ਆਵਾਜ਼ ਨੂੰ ਗੰਭੀਰਤਾ ਨਾਲ ਸੁਣੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਮੁਹਿੰਮ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕਣੇ ਜ਼ਰੂਰੀ ਹਨ। ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਸਰਬਜੀਤ ਹੈਰੀ ਨੇ ਧਰਨੇ ਨੂੰ ਸਫਲ ਬਣਾਉਣ ਲਈ ਛੇਹਰਟਾ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲੇ ਵੀਰਾਂ ਅਤੇ ਮੈਡੀਕਲ ਸਟੋਰ ਸੰਚਾਲਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਮੁੱਦਿਆਂ ’ਤੇ ਲੋਕਾਂ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ਵਰਗੀਆਂ ਗੰਭੀਰ ਸਮੱਸਿਆਵਾਂ ਵਿਰੁੱਧ ਪ੍ਰਭਾਵਸ਼ਾਲੀ ਸੰਘਰਸ਼ ਕੀਤਾ ਜਾ ਸਕਦਾ ਹੈ। ਇਸ ਮੌਕੇ ਕਾਮਰੇਡ ਗੁਰਲਾਲ ਸਿੰਘ ਲਾਲੀ,ਸੁਖਰਾਮ ਸਿੰਘ ਲੁਹਾਰਕਾ ਬੀ.ਕੇ.ਯੂ., ਕਾਮਰੇਡ ਸੁੱਚਾ ਸਿੰਘ ਸੀ.ਪੀ.ਆਈ. (ਐਮ), ਬਲਦੇਵ ਸਿੰਘ ਬੱਬੂ ਵਡਾਲੀ, ਸੋਮਰਾਜ ਸਿੰਘ, ਗੁਰਮੀਤ ਸਿੰਘ ਕਾਲੇ, ਹਰਸੀਰਤ ਸਿੰਘ, ਰਾਮਦਰਸ਼ ਗੌਤਮ, ਰਮੇਸ਼ ਯਾਦਵ, ਜਸਕਰਨ ਸਿੰਘ, ਪਵਨ ਕੁਮਾਰ, ਭੈਣ ਰਜਨੀ ਸ਼ਰਮਾ, ਰਮਨ ਕੁਮਾਰ ਰੰਮੀ, ਰਮਨ ਬਖਸ਼ੀ, ਸਤੀਸ਼ ਕੁਮਾਰ ਬੱਲੂ, ਤਜਿੰਦਰ ਸਿੰਘ ਬਮਰਾਹ, ਕਾਮਰੇਡ ਨਰਿੰਦਰ ਸਿੰਘ ਧੰਜਲ, ਸਾਬਕਾ ਡੀ.ਐੱਸ.ਪੀ. ਅਜਮੇਰ ਸਿੰਘ,ਸੁਸ਼ਾਂਤ ਵੇਰਕਾ, ਬਿਹਾਰੀ ਲਾਲ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਰਾਜਾਸਾਂਸੀ ’ਚ ਰੋਸ ਪ੍ਰਦਰਸ਼ਨ ਰਾਜਾਸਾਂਸੀ, (ਹਰਦੀਪ ਸਿੰਘ ਖੀਵਾ)- ਮਾਨਸਾ ’ਚ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਬਣੀ ਇਨਸਾਫ਼ ਕਮੇਟੀ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਰਾਜਾਸਾਂਸੀ, ਮੀਰਾਂਕੋਟ, ਹੇਰ ਨੰਗਲੀ ਤੇ ਆਸ ਪਾਸ ਦੇ ਖੇਤਰਾਂ ਦੇ ਬਾਜ਼ਾਰ ਬੰਦ ਰਹੇ ਜਦੋਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਦਲਜੀਤ ਸਿੰਘ ਮਿਆਦੀਆਂ ਦੀ ਅਗਵਾਈ ਵਰਕਰਾਂ ਵਲੋਂ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਦਲਜੀਤ ਮਿਆਦੀਆਂ ਵਲੋਂ ਰਾਜਾਸਾਂਸੀ ਹਲਕੇ ਦੇ ਸਮੂਹ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਨਿਮਰਤਾ ਸਹਿਤ ਅਪੀਲ ਕੀਤੀ ਗਈ ਤੇ ਉਨ੍ਹਾਂ ਸਮੇਤ ਉਨ੍ਹਾਂ ਦੇ ਸਮਰਥਕਾਂ ਵਲੋਂ ਰਾਜਾਸਾਂਸੀ ਸ਼ਹਿਰ ਵਿਚ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦਲਜੀਤ ਸਿੰਘ ਮਿਆਦੀਆਂ ਨੇ ਕਿਹਾ ਕਿ ਜਿਹੜੇ ਕੰਮ ਸਰਕਾਰਾਂ ਦੇ ਸਨ ਉਹ ਨੌਜਵਾਨਾਂ ਨੂੰ ਅੱਗੇ ਹੋ ਕੇ ਕਰਨੇ ਪੈ ਰਹੇ ਹਨ ਤੇ ਉਨ੍ਹਾਂ ਦੇ ਕੰਮ ਕਰਨ ਦੇ ਬਾਵਜੂਦ ਵੀ ਮੌਕੇ ਦੀਆਂ ਹਕੂਮਤਾਂ ਵਲੋਂ ਉਨ੍ਹਾਂ ਨੌਜਵਾਨਾਂ ਦਾ ਸਾਥ ਨਹੀਂ ਦਿੱਤਾ ਜਾ ਜਦੋਂ ਕਿ ਤਸਕਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਇਸ ਲਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਮੁੱਖ ਦੋਸ਼ੀ ਪੰਜਾਬ ਸਰਕਾਰ ਹੈ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ। ਇਸ ਦੌਰਾਨ ਰਾਜਾਸਾਂਸੀ ਤੇ ਆਸ ਪਾਸ ਦੇ ਖੇਤਰ ਵਿਚ ਬਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ। ਇਸ ਮੌਕੇ ਰੇਸ਼ਮ ਸਿੰਘ ਛੀਨਾ, ਮੇਜਰ ਸਿੰਘ ਛੀਨਾ,ਬਲਰਾਜ ਸਿੰਘ ਰਾਜਾਸਾਂਸੀ, ਪਰਮਜੀਤ ਸਿੰਘ ਰਾਜਾਸਾਂਸੀ ਦਮਦਮੀ ਟਕਸਾਲ ਤੋਂ ਵਿਲਾਵਾ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ। ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੋਟ ਬੁੱਢਾ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅੰਮ੍ਰਿਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੋਟ ਬੁੱਢਾ ਜਥੇਬੰਦੀ ਦੇ ਆਗੂ ਗੁਰਸਾਹਿਬ ਸਿੰਘ ਚਾਟੀ ਵਿੰਡ, ਗੁਰਭੇਜ ਸਿੰਘ, ਸੋਨੂੰ ਮਾਹਲਾ, ਮੰਗਲ ਸਿੰਘ ਰਾਮਪੁਰਾ, ਸਤਨਾਮ ਸਿੰਘ ਜੰਡਿਆਲਾ, ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਦੀ ਅਗਵਾਈ ਵਿਚ ਨੌਜਵਾਨ ਆਗੂ ਪਰਮਿੰਦਰ ਸਿੰਘ ਝੋਟਾ ਦੀ ਮੌਤ ਦੇ ਵਿਰੋਧ ਵਿਚ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ’ਤੇ ਰੋਸ ਮਾਰਚ ਕੱਢੇ ਗਏ ਅਤੇ ਪੰਜਾਬ ਸਰਕਾਰ ਦੇ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਰਮਿੰਦਰ ਸਿੰਘ ਝੋਟਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਠੋਸ ਕਦਮ ਚੁੱਕੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਪੰਡੋਰੀ, ਬਖਸ਼ੀਸ਼ ਸਿੰਘ ਪਲਾਟਾਂ ਵਾਲਾ, ਮਿਲਖਾ ਸਿੰਘ, ਜਸਬੀਰ ਸਿੰਘ, ਮਹਿੰਦਰ ਸਿੰਘ ਸੁਲਤਾਨਵਿੰਡ, ਅੰਗਰੇਜ਼ ਸਿੰਘ ਚਾਟੀਵਿੰਡ, ਸਰਪੰਚ ਸਰਬਜੀਤ ਸਿੰਘ ਰਾਮਪੁਰਾ, ਸਰਪੰਚ ਸੰਦੀਪ ਸਿੰਘ ਮਿੱਠਾ, ਮੇਜਰ ਸਿੰਘ ਰਾਮਪੁਰਾ, ਪਾਲ ਸਿੰਘ, ਅਤਰਜੀਤ ਸਿੰਘ ਚਾਟੀਵਿੰਡ, ਹੈਪੀ ਦਬੁਰਜੀ, ਟੋਨੀ ਬਾਜਵਾ ਆਦਿ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਨਗਰੀ ’ਚ ਬੰਦ ਦੌਰਾਨ ਪੁਲਿਸ ਨੇ ਸੁਰੱਖਿਆ ਦੇ ਕੀਤੇ ਵਿਆਪਕ ਪ੍ਰਬੰਧ 1500 ਪੁਲਿਸ ਅਮਨ ਕਾਨੂੰਨ ਦੀ ਡਿਊਟੀ ’ਤੇ ਤਾਇ... ਅਗਲੀ ਖ਼ਬਰ ਕਾਂਗਰਸੀ ਆਗੂਆਂ ਨੇ ਜਲੰਧਰ ਬਾਈਪਾਸ ਚੌਕ ’ਚ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਕੀਤਾ ਰੋਸ ਵਿਖਾਵਾ
Ad Position 24