ਅਫ਼ਗਾਨਿਸਤਾਨ ਨਾਲ ਸਰਹੱਦ ਬੰਦ ਕਰਨਾ ਪਾਕਿ ਨੂੰ ਪਿਆ ਭਾਰੀ, ਵਪਾਰ ’ਚ 90 ਫ਼ੀਸਦੀ ਦਾ ਨੁਕਸਾਨ
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਨਾਲ ਲੱਗਦੀਆਂ ਸਰਹੱਦਾਂ ਬੰਦ ਕਰਨ ਦਾ ਫ਼ੈਸਲਾ ਪਾਕਿਸਤਾਨ ਲਈ ਆਰਥਿਕ ਤੌਰ ’ਤੇ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਪਾਕਿਸਤਾਨੀ ਮੂਲ ਦੇ ਅਮਰੀਕੀ ਪੱਤਰਕਾਰ ਤੇ ਭੂ-ਸਿਆਸੀ ਵਿਸ਼ਲੇਸ਼ਕ ਜਹਾਂਗੀਰ ਖੱਟਕ ਅਨੁਸਾਰ, ਇਸ ਕਦਮ ਕਾਰਨ ਪਾਕਿਸਤਾਨ ਦਾ ਲਗਭਗ 90 ਫ਼ੀਸਦੀ ਵਪਾਰ ਪ੍ਰਭਾਵਿਤ ਹੋਇਆ ਹੈ।
ਬ
ਬੰਦ ਪਈ ਸਪਿਨ ਬੋਲਡਕ ਸਰਹੱਦ ਦੀ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
27-10-2026
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਨਾਲ ਲੱਗਦੀਆਂ ਸਰਹੱਦਾਂ ਬੰਦ ਕਰਨ ਦਾ ਫ਼ੈਸਲਾ ਪਾਕਿਸਤਾਨ ਲਈ ਆਰਥਿਕ ਤੌਰ ’ਤੇ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਪਾਕਿਸਤਾਨੀ ਮੂਲ ਦੇ ਅਮਰੀਕੀ ਪੱਤਰਕਾਰ ਤੇ ਭੂ-ਸਿਆਸੀ ਵਿਸ਼ਲੇਸ਼ਕ ਜਹਾਂਗੀਰ ਖੱਟਕ ਅਨੁਸਾਰ, ਇਸ ਕਦਮ ਕਾਰਨ ਪਾਕਿਸਤਾਨ ਦਾ ਲਗਭਗ 90 ਫ਼ੀਸਦੀ ਵਪਾਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਾਹਬਾਜ਼ ਸ਼ਰੀਫ਼ ਸਰਕਾਰ ਤੇ ਫ਼ੌਜ ਮੁਖੀ ਆਸਿਮ ਮੁਨੀਰ ਵਲੋਂ ਤਾਲਿਬਾਨ ’ਤੇ ਦਬਾਅ ਬਣਾਉਣ ਲਈ ਤੋਰਖਮ, ਸਪਿਨ ਬੋਲਡਕ ਤੇ ਹੋਰ ਪ੍ਰਮੁੱਖ ਸਰਹੱਦੀ ਲਾਂਘੇ ਬੰਦ ਕਰਨ ਦੀ ਰਣਨੀਤੀ ਉਲਟੀ ਪੈ ਗਈ ਹੈ। ਖੱਟਕ ਮੁਤਾਬਕ, ਸਰਹੱਦਾਂ ਲੰਮੇ ਸਮੇਂ ਤੋਂ ਬੰਦ ਰਹਿਣ ਕਾਰਨ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪਾਕਿਸਤਾਨ ਦੇ ਫਾਰਮਾਸਿਊਟੀਕਲ, ਸੀਮੈਂਟ ਤੇ ਖੇਤੀ ਉਤਪਾਦਾਂ ਨਾਲ ਜੁੜੇ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਅਫ਼ਗਾਨਿਸਤਾਨ ਪਾਕਿਸਤਾਨ ਲਈ ਮਹੱਤਵਪੂਰਨ ਬਾਜ਼ਾਰ ਹੋਣ ਦੇ ਨਾਲ-ਨਾਲ ਮੱਧ ਏਸ਼ੀਆ ਤੱਕ ਵਪਾਰਕ ਪਹੁੰਚ ਦਾ ਅਹਿਮ ਰਸਤਾ ਵੀ ਸੀ। ਦੂਜੇ ਪਾਸੇ, ਤਾਲਿਬਾਨ ਨੇ ਪਾਕਿਸਤਾਨ ’ਤੇ ਨਿਰਭਰਤਾ ਘਟਾਉਣ ਲਈ ਈਰਾਨ, ਤੁਰਕੀ ਅਤੇ ਚੀਨ ਨਾਲ ਵਪਾਰਕ ਸੰਪਰਕ ਵਧਾਏ ਹਨ। ਰਿਪੋਰਟ ਅਨੁਸਾਰ, 2024-25 ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ 1.3 ਅਰਬ ਡਾਲਰ ਤੋਂ ਘਟ ਕੇ 35.8 ਕਰੋੜ ਡਾਲਰ ਰਹਿ ਗਿਆ। ਇਸ ਤਰ੍ਹਾਂ ਸਰਹੱਦਾਂ ਬੰਦ ਕਰਨ ਦੀ ਨੀਤੀ ਨੇ ਪਾਕਿਸਤਾਨ ਲਈ ਨਵੇਂ ਆਰਥਿਕ ਸੰਕਟ ਖੜ੍ਹੇ ਕਰ ਦਿੱਤੇ ਹਨ।