ਹਵਾਈ ਅੱਡਾ ਮਾਰਗ ’ਤੇ ਬਣੇ ਸਪੀਡ ਬਰੇਕਰ ਕਾਰਨ ਵਾਪਰਿਆ ਹਾਦਸਾ
ਰਾਜਾਸਾਂਸੀ, 21 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਹਵਾਈ ਅੱਡਾ ਰੋਡ ’ਤੇ ਸਪੀਡ ਬਰੇਕਰਾਂ ਦੀ ਵਿਵਸਥਾ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸਪੀਡ ਬਰੇਕਰ ਨੇੜੇ ਅੱਗੇ ਜਾ ਰਹੀ ਗੱਡੀ ਵਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਪਿੱਛੋਂ ਆ ਰਹੀ ਗੱਡੀ ਉਸ ਵਿਚ ਜਾ ਵੱਜੀ।
ਰਾਜਾਸਾਂਸੀ, 21 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਹਵਾਈ ਅੱਡਾ ਰੋਡ ’ਤੇ ਸਪੀਡ ਬਰੇਕਰਾਂ ਦੀ ਵਿਵਸਥਾ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸਪੀਡ ਬਰੇਕਰ ਨੇੜੇ ਅੱਗੇ ਜਾ ਰਹੀ ਗੱਡੀ ਵਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਪਿੱਛੋਂ ਆ ਰਹੀ ਗੱਡੀ ਉਸ ਵਿਚ ਜਾ ਵੱਜੀ। ਇਸ ਹਾਦਸੇ ਵਿਚ ਸੁਖਚੈਨ ਸਿੰਘ ਸਰਪੰਚ ਅਦਲੀਵਾਲਾ ਦੀ ਗੱਡੀ ਨੁਕਸਾਨੀ ਗਈ ਅਤੇ ਗੱਡੀ ਦੇ ਅਗਲੇ ਹਿੱਸੇ ਦਾ ਕਾਫ਼ੀ ਨੁਕਸਾਨ ਹੋਇਆ। ਇਸ ਘਟਨਾ ਨੇ ਹਵਾਈ ਅੱਡਾ ਰੋਡ ’ਤੇ ਸਪੀਡ ਬਰੇਕਰਾਂ ਦੀ ਸਹੀ ਨਿਸ਼ਾਨਦੇਹੀ, ਚੇਤਾਵਨੀ ਬੋਰਡਾਂ ਅਤੇ ਰਿਫਲੈਕਟਰਾਂ ਦੀ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨ ਚਾਲਕਾਂ ਨੂੰ ਜੇਕਰ ਸਪੀਡ ਬਰੇਕਰ ਬਾਰੇ ਪਹਿਲਾਂ ਜਾਣਕਾਰੀ ਨਾ ਮਿਲੇ ਤਾਂ ਅਚਾਨਕ ਬ੍ਰੇਕ ਲਗਾਉਣ ਦੀ ਸਥਿਤੀ ਬਣ ਜਾਂਦੀ ਹੈ, ਜਿਸ ਨਾਲ ਪਿੱਛੋਂ ਆ ਰਹੇ ਵਾਹਨਾਂ ਦੇ ਟਕਰਾਉਣ ਦਾ ਖ਼ਤਰਾ ਵਧ ਜਾਂਦਾ ਹੈ। ਸਰਪੰਚ ਸੁਖਚੈਨ ਸਿੰਘ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਸਪੀਡ ਬਰੇਕਰ ਬਣਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਦੂਰੋਂ ਪਛਾਣ ਲਈ ਚੇਤਾਵਨੀ ਬੋਰਡ, ਰਿਫਲੈਕਟਰ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨਾ ਵੀ ਵਿਭਾਗ ਦੀ ਜ਼ਿੰਮੇਵਾਰੀ ਹੈ। ਜੇਕਰ ਸਬੰਧਤ ਵਿਭਾਗ ਨੇ ਸਮੇਂ ਸਿਰ ਧਿਆਨ ਨਾ ਦਿੱਤਾ ਤਾਂ ਕਿਸੇ ਦਿਨ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਭਾਗ ਹਵਾਈ ਅੱਡਾ ਰੋਡ ’ਤੇ ਬਣੇ ਸਪੀਡ ਬਰੇਕਰਾਂ ਦੀ ਜਾਂਚ ਕਰੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਲਈ ਤੁਰੰਤ ਢੁੱਕਵੇਂ ਪ੍ਰਬੰਧ ਕਰੇ।