ਅੰਮ੍ਰਿਤਸਰ ਸ਼ਹਿਰ ਦੀ 450ਵੀਂ ਵਰ੍ਹੇਗੰਢ ਮੌਕੇ ਸ਼ਹਿਰ ਦੀ ਤਰੱਕੀ ਲਈ ਚੁੱਕੇ ਜਾਣ ਵਿਸ਼ੇਸ਼ ਕਦਮ
ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਸਾਲ 2027 ’ਚ ਅੰਮ੍ਰਿਤਸਰ ਸ਼ਹਿਰ ਦੀ ਮਨਾਈ ਜਾ ਰਹੀ 450ਵੀਂ ਵਰ੍ਹੇਗੰਢ (1577-2027) ਦੇ ਮੱਦੇਨਜ਼ਰ ਸੂਬੇ ਦੀਆਂ ਪ੍ਰਮੁੱਖ ਵਿਰਾਸਤੀ ਜਥੇਬੰਦੀਆਂ ਅਤੇ ਚਿੰਤਕਾਂ ਨੇ ਸੂਬਾ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦੇ ਸਿਰਮੌਰ ਸ਼ਹਿਰ ਅਤੇ ਗੁਰੂ ਰਾਮਦਾਸ ਜੀ ਦੁਆਰਾ ਵਸਾਏ ਸਿੱਖੀ ਦੇ ਇਸ ਮਹਾਨ ਕੇਂਦਰ ਅੰਮ੍ਰਿਤਸਰ ਦੀ ਹਰ ਪੱਖੋਂ ਤਰੱਕੀ ਲਈ ਕੁਝ ਵਿਸ਼ੇਸ਼ ਕਦਮ ਚੁੱਕੇ ਜਾਣ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਸਿਫਤੀ ਦੇ ਘਰ ਨਾਲ ਜਾਣੇ ਜਾਂਦੇ ਅੰਮ੍ਰਿਤਸਰ ਸ਼ਹਿਰ ਦੀ ਖ਼ਤਮ ਹੋ ਰਹੀ ਵਿਰਾਸਤ ਨੂੰ ਬਚਾਉਣ ਲਈ ਲਾਹੌਰ ਦੀ ਤਰਜ਼ ’ਤੇ ਅੰਮ੍ਰਿਤਸਰ ਵਾਲਡ ਸਿਟੀ ਅਥਾਰਿਟੀ ਦਾ ਗਠਨ ਕਰਕੇ ਚਾਰ ਦੀਵਾਰੀ ’ਚ ਵਸੇ ਸ਼ਹਿਰ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇ।
ਗ
ਗਗਨਦੀਪ ਸਿੰਘ ਵਿਰਕ, ਅਸ਼ਵਨੀ ਅਵਸਥੀ, ਇੰਜ. ਪਵਨ ਸ਼ਰਮਾ, ਹਰਵਿੰਦਰ ਸਿੰਘ ਅਰੋੜਾ।
24-11-2026
ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਸਾਲ 2027 ’ਚ ਅੰਮ੍ਰਿਤਸਰ ਸ਼ਹਿਰ ਦੀ ਮਨਾਈ ਜਾ ਰਹੀ 450ਵੀਂ ਵਰ੍ਹੇਗੰਢ (1577-2027) ਦੇ ਮੱਦੇਨਜ਼ਰ ਸੂਬੇ ਦੀਆਂ ਪ੍ਰਮੁੱਖ ਵਿਰਾਸਤੀ ਜਥੇਬੰਦੀਆਂ ਅਤੇ ਚਿੰਤਕਾਂ ਨੇ ਸੂਬਾ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦੇ ਸਿਰਮੌਰ ਸ਼ਹਿਰ ਅਤੇ ਗੁਰੂ ਰਾਮਦਾਸ ਜੀ ਦੁਆਰਾ ਵਸਾਏ ਸਿੱਖੀ ਦੇ ਇਸ ਮਹਾਨ ਕੇਂਦਰ ਅੰਮ੍ਰਿਤਸਰ ਦੀ ਹਰ ਪੱਖੋਂ ਤਰੱਕੀ ਲਈ ਕੁਝ ਵਿਸ਼ੇਸ਼ ਕਦਮ ਚੁੱਕੇ ਜਾਣ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਸਿਫਤੀ ਦੇ ਘਰ ਨਾਲ ਜਾਣੇ ਜਾਂਦੇ ਅੰਮ੍ਰਿਤਸਰ ਸ਼ਹਿਰ ਦੀ ਖ਼ਤਮ ਹੋ ਰਹੀ ਵਿਰਾਸਤ ਨੂੰ ਬਚਾਉਣ ਲਈ ਲਾਹੌਰ ਦੀ ਤਰਜ਼ ’ਤੇ ਅੰਮ੍ਰਿਤਸਰ ਵਾਲਡ ਸਿਟੀ ਅਥਾਰਿਟੀ ਦਾ ਗਠਨ ਕਰਕੇ ਚਾਰ ਦੀਵਾਰੀ ’ਚ ਵਸੇ ਸ਼ਹਿਰ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇ। ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ 450ਵੇਂ ਸਥਾਪਨਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖ਼ਾਸ ਧਿਆਨ ਕੇਂਦਰਿਤ ਕਰ ਕੇ ਇਸ ਨੂੰ ਆਈਕੋਨਿਕ ਸਿਟੀ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅੰਮ੍ਰਿਤਸਰ ਸ਼ਹਿਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਅੰਮ੍ਰਿਤਸਰ ’ਚ 100-200 ਏਕੜ ’ਚ ਥੀਮ ਈਕੋ ਫੋਰੈਸਟ/ਨੇਚਰ ਪਾਰਕ ਉਸਾਰਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੂਚਨਾ ਤਕਨਾਲੋਜੀ (ਆਈ. ਟੀ.) ਹੱਬ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ, ਸ਼ਹਿਰ ਦੇ ਅੱਧ-ਵਿਚਾਲੇ ਬਣੇ ਬੱਸ ਸਟੈਂਡ ਨੂੰ ਵੱਲਾ ਵਿਖੇ ਤਬਦੀਲ ਕੀਤਾ ਜਾਵੇ, ਅੰਮ੍ਰਿਤਸਰ ’ਚ ਕੌਮਾਂਤਰੀ ਪ੍ਰਦਰਸ਼ਨੀ ਕੇਂਦਰ ਅਤੇ ਹਾਈ ਕੋਰਟ ਬੈਂਚ ਸਥਾਪਿਤ ਕੀਤਾ ਜਾਵੇ। ਵਿਰਾਸਤ ਪ੍ਰੇਮੀ ਅਤੇ ਚਿੰਤਕ ਅਸ਼ਵਨੀ ਅਵਸਥੀ ਨੇ ਸੁਝਾਅ ਦਿੱਤਾ ਹੈ ਕਿ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਅੰਮ੍ਰਿਤਸਰ ’ਚ ਏਮਜ਼ ਦੇ ਪ੍ਰਸਤਾਵ ਦਾ ਖਰੜਾ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਉੱਤਰਾਖੰਡ ’ਚ 2 ਏਮਜ਼ ਹੋ ਸਕਦੇ ਹਨ ਤਾਂ ਪੰਜਾਬ ’ਚ ਵੀ 2 ਏਮਜ਼ ਕਿਉਂ ਨਹੀਂ ਹੋ ਸਕਦੇ ਹਨ। ਸਮਾਜਿਕ ਕਾਰਕੁਨ ਅਤੇ ਅੰਮ੍ਰਿਤਸਰ ਬਿਲਡਿੰਗ ਮੈਟੀਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਰੋੜਾ ਨੇ ਸੁਝਾਅ ਦਿੱਤਾ ਕਿ ਸ਼ਹਿਰ ਦੀ ਆਵਾਜਾਈ ਨੂੰ ਘੱਟ ਕਰਨ ਲਈ ਸ਼ਿਵਾਲਾ ਫਾਟਕ, ਰਾਮ ਬਾਗ ਫਾਟਕ ਵਰਗੇ ਪ੍ਰਮੁੱਖ ਰੇਲਵੇ ਕਰਾਸਿੰਗ ’ਤੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਲਈ ਪੁਲਾਂ ਦਾ ਨਿਰਮਾਣ ਕੀਤਾ ਜਾਵੇ। ਤੁੰਗ ਢਾਬ ਡਰੇਨ ਦੀ ਸਫ਼ਾਈ ਅਤੇ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਭਗਤਾਂਵਾਲਾ ਡੰਪ ਨੂੰ ਸ਼ਿਫ਼ਟ ਕੀਤਾ ਜਾਵੇ ਜਾਂ ਇਸ ਦਾ ਕੋਈ ਕਾਰਗਰ ਹਲ ਕੱਢਿਆ ਜਾਵੇ। ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ’ਚ ਕੌਮਾਂਤਰੀ ਕ੍ਰਿਕਟ ਸਟੇਡੀਅਮ ਦੀ ਉਸਾਰੀ ਕਰਵਾ ਕੇ ਉਸ ਦਾ ਨਾਂਅ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ ਹੈ। ਸਪੋਰਟਸ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਇਹ ਬੇਹੱਦ ਜ਼ਰੂਰੀ ਹੈ। ਇਸ ਦੇ ਇਲਾਵਾ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਰਾਹਤ ਅਤੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ, ਪਠਾਨਕੋਟ, ਤਰਨਤਾਰਨ, ਫ਼ਾਜ਼ਿਲਕਾ ਨੂੰ ਟੈਕਸ ਮੁਕਤ ਜ਼ੋਨ ਐਲਾਨਣ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇ। ਉਕਤ ਵਿਰਾਸਤ ਚਿੰਤਕਾਂ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਦਿਲਚਸਪੀ ਵਿਖਾਵੇ ਤਾਂ ਅੰਮ੍ਰਿਤਸਰ ਸੈਰ ਸਪਾਟਾ ਤੋਂ ਲੈ ਕੇ ਹਵਾਬਾਜ਼ੀ, ਸਿਹਤ ਸੇਵਾਵਾਂ, ਫੂਡ ਪ੍ਰੋਸੈਸਿੰਗ, ਟੈਕਸਟਾਈਲ, ਸਿੱਖਿਆ, ਆਯਾਤ-ਨਿਰਯਾਤ, ਐਗਰੋ ਇੰਡਸਟਰੀਜ਼, ਇੰਜੀਨੀਅਰਿੰਗ, ਇਨਫਰਮੇਸ਼ਨ ਟੈਕਨੌਲੋਜੀ, ਸਾਫ਼ਟਵੇਅਰ ਟੈਕਨਾਲੋਜੀ ਦੇ ਖੇਤਰ ’ਚ ਵੱਡੀ ਤਰੱਕੀ ਕਰ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅੰਮ੍ਰਿਤਸਰ ਦੀ ਅੱਪਰ ਬਾਰੀ ਦੁਆਬ ਨਹਿਰ ਨੂੰ ਲਾਹੌਰ ਦੀ ਰਾਵੀ ਕਨਾਲ ਥੀਮ ਪਾਰਕ ਦੀ ਤਰਜ਼ ’ਤੇ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ ਜਿੱਥੇ ਜੰਗਲਾਤ ਅਤੇ ਸਿੰਚਾਈ ਵਿਭਾਗ ਕੋਲ ਕਾਫ਼ੀ ਜ਼ਮੀਨ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਅੰਮ੍ਰਿਤਸਰ ਵਿਖੇ ਇਸ ਅੱਪਰ ਬਾਰੀ ਦੁਆਬ ਨਹਿਰ ਪ੍ਰੋਜੈਕਟ ਨੂੰ ਪੰਜਾਬ ਦੇ ਨਵੇਂ ਵੱਡੇ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ।