ਪੱਟੀ, 4 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਯੂਥ ਕਾਂਗਰਸੀ ਆਗੂ ਅਤੇ ਯੂਥ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਹਰਮਨ ਸੇਖੋਂ ਟਾਰਗੇਟ ਕਿਲਿੰਗ ਨਿਸ਼ਾਨੇ ਉਪਰ ਜਿਸ ਦੀ ਪੁਸ਼ਟੀ 1 ਜਨਵਰੀ ਨੂੰ ਏ.ਟੀ.ਜੀ.ਐਫ. ਪੰਜਾਬ ਤੇ ਤਰਨ ਤਾਰਨ ਦੀ ਪੁਲਿਸ ਟੀਮ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਦਾਸੂਵਾਲ ਤੇ ਬੰਬੀਹਾ ਗਰੁੱਪ ਦੇ ਚਾਰ ਬਦਮਾਸ਼ਾਂ ਨੂੰ ਦੋ ਪਿਸਟਲਾਂ ਸਮੇਤ ਕਾਬੂ ਕਰਨ ਮੌਕੇ ਹੋਈ ਹੈ | ਜਦ ਪੁਲਿਸ ਜ਼ਿਲ੍ਹਾ ਮੁਖੀ ਵਲੋਂ ਸਿੱਧੇ ਤੌਰ 'ਤੇ ਯੂਥ ਕਾਂਗਰਸੀ ਆਗੂ ਦਾ ਸੁਰੱਖਿਆ ਦੇ ਮੱਦੇਨਜਰ ਨਾਂਅ ਜਨਤਕ ਨਹੀਂ ਕੀਤਾ ਗਿਆ | ਇਸ ਸੰਬੰਧੀ ਯੂਥ ਕਾਂਗਰਸੀ ਆਗੂ ਹਰਮਨ ਸੇਖੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਾਲ ਹੀ ਵਿਚ ਹੋਈਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਮੌਕੇ ਕਾਂਗਰਸੀ ਪਾਰਟੀ ਦੇ ਉਮੀਦਵਾਰ ਰਸ਼ਪਾਲ ਸਿੰਘ ਬੋਪਾਰਾਏ ਦੇ ਹੱਕ ਵਿਚ ਪਾਰਟੀ ਵਲੋਂ ਚੋਣ ਪ੍ਰਚਾਰ ਲਈ ਲਗਾਈ ਗਈ ਡਿਊਟੀ ਦੌਰਾਨ ਜ਼ੋਨ ਕੈਰੋਂ ਅਧੀਨ ਪ੍ਰਚਾਰ ਕਰ ਰਹੇ ਸਨ ਕਿ ਗ਼ਲਤ ਅਨਸਰਾਂ ਵਲੋਂ ਉਨ੍ਹਾਂ ਦੀ ਰੇਕੀ ਕੀਤੀ ਜਾ ਰਹੀ ਸੀ, ਜਿਸ ਦੌਰਾਨ ਵੋਟ ਪੈਣ ਵਾਲੇ ਦਿਨ ਤੇ ਫਿਰ ਗਿਣਤੀ ਮੌਕੇ ਵੀ ਗ਼ਲਤ ਅਨਸਰ ਰੇਕੀ ਕਰਦੇ ਹੋਏ ਪਿੱਛਾ ਕਰ ਰਹੇ ਸਨ, ਜਿਸ ਸੰਬੰਧੀ ਪੁਲਿਸ ਵਿਭਾਗ ਵਲੋਂ ਵੀ ਸ਼ੱਕ ਪੈਣ 'ਤੇ ਮੈਨੂੰ ਸੂਚਿਤ ਕੀਤਾ ਗਿਆ | ਅਖੀਰ ਪੁਲਿਸ ਵਲੋਂ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ | ਹਰਮਨ ਸੇਖੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 4 ਅਪ੍ਰੈਲ 2025 ਨੂੰ ਵੀ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਕਾਰਡ ਦੇਣ ਦੇ ਬਹਾਨੇ ਬਦਮਾਸ਼ ਮੇਰੇ ਘਰ ਤੱਕ ਪੁੱਜ ਗਏ ਸਨ, ਜਦ ਕਿ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਾ ਪਛਾਨਣ ਤੇ ਬਾਹਰ ਨਹੀਂ ਆਇਆ ਤਾਂ ਉਕਤ ਵਿਅਕਤੀ ਜਾਂਦੇ ਹੋਏ ਇਕ ਮਠਿਆਈ ਦਾ ਡੱਬਾ ਬਾਹਰ ਪਏ ਟੇਬਲ ਉਪਰ ਹੀ ਰੱਖ ਕੇ ਚਲੇ ਗਏ | ਜਦ ਥੋੜੀ ਦੇਰ ਬਾਅਦ ਥੱਲੇ ਆ ਕੇ ਡੱਬਾ ਚੈਕ ਕੀਤਾ ਤਾਂ ਉਸ ਵਿਚ ਕੁੱਝ ਵੀ ਨਹੀਂ ਸੀ, (ਖਾਲੀ) ਡੱਬਾ ਮਿਲਿਆ | ਜਿਸ ਸੰਬੰਧੀ ਲੋਕਲ ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟਿਜ ਤੇ ਦਰਖਾਸਤ ਦਿੱਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ 'ਤੇ ਮੇਰੀ ਜਾਨ ਨੂੰ ਖਤਰਾ ਬਣਿਆ ਹੋਇਆ | ਸੇਖੋਂ ਨੇ ਕਿਹਾ ਕਿ ਮੇਰੇ ਵਲੋਂ ਇਸ ਘਟਨਾ ਸੰਬੰਧੀ ਕਾਂਗਰਸ ਹਾਈਕਮਾਨ ਨੂੰ ਸੂਚਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਹਰਮਨ ਸੇਖੋਂ ਨੇ ਕਿਹਾ ਕਿ ਮੈਂ ਯੂਥ ਕਾਂਗਰਸ ਵਿਚ ਐਨ.ਐਸ.ਯੂ. ਦਾ ਜ਼ਿਲ੍ਹਾ ਪ੍ਰਧਾਨ, ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ, ਯੂਥ ਕਾਂਗਰਸ ਦਾ ਜ਼ਿਲ੍ਹਾ ਸ਼ੋਸ਼ਲ ਮੀਡੀਆ ਇੰਚਾਰਜ ਅਤੇ ਹੁਣ ਯੂਥ ਕਾਂਗਰਸ ਪੰਜਾਬ ਦਾ ਜਨਰਲ ਸੈਕਟਰੀ ਤੇ ਯੂਥ ਕਾਗਰਸ ਦਾ ਸਪੋਕਸਪਰਸਨ ਦੇ ਅਹੁਦੇ 'ਤੇ ਕੰਮ ਕਰ ਰਿਹਾ ਹਾਂ | ਜੇਕਰ ਮੇਰਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਜ਼ਿਲ੍ਹਾ ਤੇ ਲੋਕਲ ਪੁਲਿਸ ਦੀ ਹੋਵੇਗੀ, ਕਿਉਂਕਿ ਪੁਲਿਸ ਪ੍ਰਸ਼ਾਸਨ ਵਲੋਂ ਮੇਰੀ ਸੁਰੱਖਿਆ ਨੂੰ ਸੀਰੀਅਸ ਨਹੀਂ ਲਿਆ ਜਾ ਰਿਹਾ, ਕਿਉਂਕਿ ਸਰਕਾਰ ਬਦਲੀ ਹੋਣ 'ਤੇ ਮੇਰੀ ਸਕਿਊਰਟੀ ਵਾਪਿਸ ਲੈ ਲਈ ਗਈ ਅਤੇ ਮੈਂ ਆਪਣੀ ਰਾਖੀ ਆਪ ਕਰਵਾ ਰਿਹਾ ਹਾਂ | ਵਰਨਣਯੋਗ ਹੈ ਕਿ ਇਸ ਘਟਨਾ ਸੰਬੰਧੀ ਬੀਤੇ ਦਿਨੀਂ ਕਾਬੂ ਕੀਤੇ ਗਏ ਬਦਮਾਸ਼ਾਂ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਵਲੋਂ ਦੱਸਿਆ ਕਿ ਐਂਟੀ ਗੈਂਗਸਟਰ ਫੋਰਸ ਤੇ ਸੀ.ਆਈ.ਏ. ਸਟਾਫ਼ ਤਰਨ ਤਾਰਨ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਚਾਰ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ ਦੋ 32 ਬੋਰ ਪਿਸਟਲ, ਰੌਂਦ ਤੇ ਦਾਤਰ ਬਰਾਮਦ ਕੀਤਾ ਗਿਆ ਹੈ ਅਤੇ ਇਹ ਟਾਰਗੇਟ ਕਿਲਿੰਗ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ | ਇਨ੍ਹਾਂ ਵਲੋਂ ਯੂਥ ਕਾਂਗਰਸੀ ਆਗੂ ਦੀ ਰੇਕੀ ਕੀਤੀ ਜਾ ਰਹੀ ਸੀ ਸੁਰੱਖਿਆ ਦੇ ਮੱਦੇਨਜ਼ਰ ਸਾਹਮਣੇ ਨਹੀਂ ਲਿਆਂਦਾ ਗਿਆ |