ਤਰਨ ਤਾਰਨ, 6 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਵਿਚ ਰੋਹੀ ਕੰਢਾ ਨਜ਼ਦੀਕ ਛੋਟਾ ਪੁਲ ਮੁਹੱਲਾ ਨਾਨਕਸਰ ਦੀ ਗਲੀ ਨੰਬਰ 8 ਵਿਚ ਸੀਵਰੇਜ ਸਿਸਟਮ ਪਿਛਲੇ ਕੁਝ ਦਿਨਾਂ ਤੋਂ ਜਾਮ ਹੋਇਆ ਪਿਆ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਅਤੇ ਖ਼ੜੇ ਪਾਣੀ ਵਿਚੋਂ ਗੰਦੀ ਬਦਬੂ ਆ ਰਹੀ ਹੈ | ਗਲੀ ਨਿਵਾਸੀਆਂ ਦੱਸਿਆ ਕਿ ਅਕਸਰ ਇਸ ਇਲਾਕੇ ਵਿਚ ਸੀਵਰੇਜ ਸਿਸਟਮ ਜਾਮ ਰਹਿੰਦਾ ਹੈ ਅਤੇ ਉਨ੍ਹਾਂ ਦੀ ਗਲੀ ਵਿਚ ਸੀਵਰੇਜ ਸਿਸਟਮ ਪਿਛਲੇ ਇਕ ਹਫਤੇ ਤੋਂ ਜਾਮ ਹੋਇਆ ਪਿਆ ਹੈ, ਜਿਸ ਕਾਰਨ ਗਲੀ ਵਿਚ ਸੀਵਰੇਜ ਦਾ ਗੰਦਾ ਪਾਣੀ ਖੜਾ ਹੈ, ਜਿਸ ਵਿਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਗੰਦੇ ਪਾਣੀ ਵਿਚੋਂ ਬਦਬੂ ਆ ਰਹੀ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਪ੍ਰੰਤੂ ਨਗਰ ਕੌਂਸਲ ਤਰਨ ਤਾਰਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨਗਰ ਕੌਂਸਲ ਤਰਨ ਤਾਰਨ ਦੇ ਈ.ਓ. ਪਾਸੋਂ ਮੰਗ ਕੀਤੀ ਕਿ ਗਲੀ ਨੰਬਰ 8 ਵਿਖੇ ਬੰਦ ਸੀਵਰੇਜ ਸਿਸਟਮ ਦੀ ਸਾਫ ਸਫਾਈ ਤੁਰੰਤ ਕਰਵਾਈ ਤਾਂ ਜੋ ਪਾਣੀ ਦਾ ਨਿਕਾਸ ਹੋ ਸਕੇ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |