ਤਰਨ ਤਾਰਨ, 6 ਜਨਵਰੀ (ਹਰਿੰਦਰ ਸਿੰਘ)- ਦੇਸ਼ ਦਾ ਬੱਚਾ-ਬੱਚਾ ਇਸ ਤੋਂ ਭਲੀਭਾਂਤ ਜਾਣੂ ਹੈ ਕਿ ਸਿਰਸੇ ਵਾਲਾ ਰਾਮ ਰਹੀਮ ਸਾਧ ਕਈ ਜਬਰ ਜਨਾਹ ਅਤੇ ਕਤਲਾਂ ਦਾ ਮੁਲਜ਼ਮ ਪਾਇਆ ਗਿਆ ਅਤੇ ਹਰਿਆਣਾ ਦੀ ਕੇਂਦਰੀ ਜੇਲ੍ਹ ਸਨਾਰੀਆਂ 'ਚ ਜੇਲ੍ਹ ਬੰਦ ਹੋਣ ਦੇ ਬਾਵਜੂਦ 15 ਵੀਂ ਵਾਰ ਜੇਲ੍ਹ ਤੋਂ ਪੈਰੋਲ ਛੁੱਟੀ ਤੋਂ ਰਿਹਾਅ ਚੁੱਕਾ ਹੈ, ਅਜਿਹਾ ਕਰਕੇ ਸਿੱਖ ਵਿਰੋਧੀ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਨੂੰ ਚਿੜ੍ਹਾਉਣ ਦੇ ਨਾਲ-ਨਾਲ ਅਦਾਲਤੀ ਇਨਸਾਫ ਪ੍ਰਕਿਰਿਆ ਦਾ ਚਿੱਟੇ ਦਿਨ ਮਜ਼ਾਕ ਉਡਾ ਰਹੀ ਹੈ | ਭਾਵੇਂਕਿ ਉੱਚ ਅਦਾਲਤ ਨੇ ਵਾਰ-ਵਾਰ ਪੈਰੋਲ ਛੁੱਟੀ ਸੰਬੰਧੀ ਨੋਟਿਸ ਲੈਂਦਿਆਂ ਸਰਕਾਰ ਨੂੰ ਪੁੱਛਿਆ ਸੀ ਕਿ ਸਰਕਾਰ ਇਹ ਦੱਸੇ ਕਿ ਜਿਹੜੇ ਅਪਰਾਧਾਂ 'ਚ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ, ਅਜਿਹੇ ਅਪਰਾਧਾਂ ਵਾਲੇ ਹੋਰ ਕੈਦੀਆਂ ਨੂੰ ਅਜਿਹੀਆਂ ਸਹੂਲਤ ਤੋਂ ਦੂਰ ਰੱਖ ਕੇ ਕਿਉਂ ਬੇਇਨਸਾਫ਼ੀ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਅਦਾਲਤ ਦੀ ਪ੍ਰਵਾਹ ਨਾ ਕਰਦਿਆਂ ਰਾਮ ਰਹੀਮ ਨੂੰ ਪੈਰੋਲ ਛੁੱਟੀ ਦੇ ਦਿੱਤੀ ਹੈ | ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਸਿੱਖ ਬੁੱਧੀਜੀਵੀ ਆਗੂਆਂ ਨੇ ਸਰਕਾਰ ਦੀ ਇਸ ਨੀਤੀ ਦੀ ਨਿੰਦਾ ਕੀਤੀ ਹੈ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਸ਼ਬਦਾਂ ਵਿਚ ਨਿੰਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਜਿਹੜੇ ਸਿੱਖ ਬੰਦੀ ਸਿੰਘ ਅਦਾਲਤ ਵਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਬਿਨਾਂ ਕਸੂਰ ਜੇਲ੍ਹਾਂ 'ਚ ਬੰਦ ਸ਼ਰੇਆਮ ਸਿੱਖਾਂ ਨਾਲ ਬੇਇਨਸਾਫੀ ਤੇ ਬੇਗਾਨਗੀ ਵਾਲਾਂ ਨਿੰਦਣਯੋਗ ਵਰਤਾਰਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਵਜ੍ਹਾ ਜ਼ੇਲ੍ਹਾਂ ਵਿਚ ਬੰਦ ਸਾਰੇ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਕਿ ਸਿੱਖਾਂ 'ਚ ਬੇਗਾਨਗੀ ਵਾਲਾਂ ਅਹਿਸਾਸ ਦੂਰ ਕੀਤਾ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਥੀਆਂ ਸਮੇਤ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਕ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਕਈ ਹੋਰ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਚੰਡੀਗੜ੍ਹ ਵਿਖੇ ਮੋਰਚਾ ਲੱਗਾ ਹੋਇਆ ਹੈ ਅਤੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਪਰ ਦੂਸਰੀ ਪਾਸੇ ਸਿੱਖ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਰਾਮ ਰਹੀਮ ਨੂੰ ਪੰਦਰਵੀਂ ਵਾਰ ਪੈਰੋਲ ਛੁੱਟੀ ਦੇ ਦਿੱਤੀ ਗਈ, ਜੋ ਬਹੁਤ ਹੀ ਨਿੰਦਣਯੋਗ ਸਰਕਾਰ ਦਾ ਸਿੱਖ ਵਿਰੋਧੀ ਵਰਤਾਰਾ ਹੈ | ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਓਾ, ਭਾਈ ਸੁਰਿੰਦਰ ਸਿੰਘ ਆਦਮਪੁਰ ਤੇ ਭਾਈ ਵਿਕਰਮ ਸਿੰਘ ਤੋਂ ਇਲਾਵਾ ਹੋਰ ਵੀ ਕਾਰਕੁਨ ਹਾਜ਼ਰ ਸਨ |