ਤਰਨ ਤਾਰਨ, 6 ਜਨਵਰੀ (ਹਰਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਰੂਹਾਨੀ ਸ਼ਬਦ ਕੀਰਤਨ ਕੀਤਾ ਗਿਆ | ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਫੈਲੋਕੇ ਵਿਚ ਕਰਵਾਏ ਗਏ | ਇਸ ਮੌਕੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਅਤੇ ਕਵੀਸ਼ਰੀ ਗਾਇਨ ਕੀਤੇ ਗਏ | ਇਸ ਧਾਰਮਿਕ ਸਮਾਗਮ ਨੇ ਪੂਰੇ ਇਲਾਕੇ ਨੂੰ ਰੱਬੀ ਰੰਗ ਵਿਚ ਰੰਗਿਆ ਅਤੇ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਵਲੋਂ ਕੀਤੀ ਗਈ, ਜਿਨ੍ਹਾਂ ਦੇ ਪਿੱਛੇ ਸਜੀ ਪਾਲਕੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਜਥੇ, ਨਿਹੰਗ ਸਿੰਘ ਦਲ, ਗਤਕਾ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਸ਼ਾਮਿਲ ਹੋਈਆਂ | ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਰਾਗਾਤਮਕ ਸ਼ਬਦ ਕੀਰਤਨ ਰਾਹੀਂ ਗੁਰੂ ਸਾਹਿਬ ਦੀ ਮਹਿਮਾ ਗਾਈ, ਜਿਸ ਨਾਲ ਸੰਗਤਾਂ ਦੇ ਮਨਾਂ ਵਿਚ ਸ਼ਰਧਾ ਅਤੇ ਆਤਮਿਕ ਸ਼ਾਂਤੀ ਦਾ ਸੰਚਾਰ ਹੋਇਆ | ਇਸ ਮੌਕੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਕਵੀਸ਼ਰੀ ਨੇ ਖਾਸ ਧਿਆਨ ਖਿੱਚਿਆ | ਕਵੀਸ਼ਰੀ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ, ਕੁਰਬਾਨੀਆਂ, ਧਰਮ ਦੀ ਰੱਖਿਆ ਲਈ ਕੀਤੇ ਅਮਰ ਕਾਰਜ ਅਤੇ ਖਾਲਸਾ ਪੰਥ ਦੀ ਸਾਜਨਾ ਨੂੰ ਪ੍ਰਭਾਵਸ਼ਾਲੀ ਅੰਦਾਜ਼ ਵਿਚ ਦਰਸਾਇਆ ਗਿਆ | ਨੌਜਵਾਨ ਵਿਦਿਆਰਥੀਆਂ ਦੀ ਓਜਸਵੀ ਆਵਾਜ਼, ਸਪਸ਼ਟ ਉਚਾਰਨ ਅਤੇ ਅਰਥਪੂਰਨ ਬੋਲਾਂ ਨੇ ਸੰਗਤਾਂ ਨੂੰ ਗੁਰੂ-ਇਤਿਹਾਸ ਨਾਲ ਜੋੜ ਕੇ ਰੱਖਿਆ ਅਤੇ ਹਰ ਦਿਲ ਵਿਚ ਜੋਸ਼ ਤੇ ਗੌਰਵ ਦੀ ਭਾਵਨਾ ਜਗਾਈ |