28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਤਰਨ ਤਾਰਨ ਜ਼ਿਲ੍ਹੇ 'ਚ ਧੜੱਲੇ ਨਾਲ ਚੱਲ ਰਿਹਾ ਹੈ ਖੂਨੀ ਚਾਈਨਾ ਡੋਰ ਦੇ 'ਗੱਟੂਆਂ' ਦਾ ਕਾਰੋਬਾਰ <br/>

Ad Position 21
No active advertisement
ਅਜੀਤ ਡੈਸਕ 07-01-2026
ਤਰਨ ਤਾਰਨ, 6 ਜਨਵਰੀ (ਹਰਿੰਦਰ ਸਿੰਘ)-ਚਾਈਨਾ ਡੋਰ ਜਿਸ ਨੂੰ ਖੂਨੀ ਡੋਰ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਡੋਰ ਦੀ ਵਿਕਰੀ ਅਤੇ ਵਰਤੋਂ 'ਤੇ ਪੰਜਾਬ ਸਰਕਾਰ ਵਲੋਂ ਸਖ਼ਤ ਪਾਬੰਦੀ ਲਗਾਈ ਗਈ ਹੋਈ ਹੈ, ਪ੍ਰੰਤੂ ਇਸਦੇ ਬਾਵਜੂਦ ਵੀ ਤਰਨ ਤਾਰਨ ਜ਼ਿਲ੍ਹੇ ਸਮੇਤ ਤਰਨ ਤਾਰਨ ਸ਼ਹਿਰ ਇਸ ਡੋਰ ਦੀ ਵਿਕਰੀ ਅਤੇ ਵਰਤੋਂ ਸ਼ਰੇਆਮ ਹੋ ਰਹੀ ਹੈ, ਜਿਸ ਨੂੰ ਰੋਕਣ ਵਿਚ ਪੁਲਿਸ ਪ੍ਰਸ਼ਾਸਨ ਅਸਮਰੱਥ ਦਿਖਾਈ ਦੇ ਰਿਹਾ ਹੈ | ਕੁਝ ਦੁਕਾਨਦਾਰਾਂ ਵਲੋਂ ਅੰਦਰਖਾਤੇ ਧੜੱਲੇ ਨਾਲ ਇਸ ਡੋਰ ਨੂੰ ਵੇਚ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਡੋਰ ਪਲਾਸਟਿਕ ਦੀ ਹੋਣ ਕਾਰਨ ਇੰਨੀ ਪੱਕੀ ਹੁੰਦੀ ਹੈ ਕਿ ਅਸਾਨੀ ਨਾਲ ਨਹੀਂ ਟੁੱਟਦੀ, ਜਿਸ ਕਾਰਨ ਤੇਜ ਰਫਤਾਰ ਨਾਲ ਜਾ ਰਹੇ ਵਾਹਨ ਚਾਲਕਾਂ ਦੇ ਗਲੇ ਵਿਚ ਫਸ ਜਾਂਦੀ ਹੈ ਅਤੇ ਐਕਸੀਡੈਂਟ ਹੋਣ ਦੇ ਨਾਲ-ਨਾਲ ਇਸਦੀ ਚਪੇਟ ਵਿਚ ਆਉਣ ਵਾਲਾ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦਾ ਹੈ, ਉਥੇ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ | ਤਰਨ ਤਾਰਨ ਸ਼ਹਿਰ ਵਿਚ ਪਤੰਗਾਂ ਦਾ ਕਾਰੋਬਾਰ ਕਰਨ ਵਾਲੇ ਕਈ ਨਾਮੀ ਦੁਕਾਨਦਾਰ ਹਰ ਸਾਲ ਚਾਇਨਾ ਡੋਰ ਨਾਲ ਫੜੇ ਜਾਂਦੇ ਹਨ, ਪਰ ਪੰਚਾਂ ਦਾ ਕਿਹਾ ਸਿਰਮੱਥੇ, ਪਰਨਾਲਾ ਉਥੇ ਦਾ ਉਥੇ ਦੀ ਕਹਾਵਤ 'ਤੇ ਇਹ ਦੁਕਾਨਦਾਰ ਖਰ੍ਹੇ ਉਤਰਦੇ ਹਨ ਅਤੇ ਚਾਈਨਾ ਡੋਰ ਨੂੰ ਵੇਚਣ ਤੋਂ ਨਹੀਂ ਹਟਦੇ | ਇਹ ਦੁਕਾਨਦਾਰ ਲਗਾਤਾਰ ਚਾਇਨਾ ਡੋਰ ਦਾ ਕਾਰੋਬਾਰ ਕਰਦੇ ਹਨ ਅਤੇ ਦੁਕਾਨਾਂ ਵਿਚ ਇਨ੍ਹਾਂ ਨੇ ਕਈ ਨੌਜਵਾਨ ਬਿਠਾ ਕੇ ਰੱਖੇ ਹੁੰਦੇ ਹਨ ਜੋ ਚਾਇਨਾ ਡੋਰ ਦਾ ਗੱਟੂ ਮੰਗਣ ਵਾਲੇ ਵਿਅਕਤੀਆਂ ਨੂੰ ਆਸ ਪਾਸ ਰੱਖੇ ਸਾਮਾਨ ਵਿਚੋਂ ਗੱਟੂ ਲਿਆ ਕੇ ਧੜ੍ਹੱਲੇ ਨਾਲ ਵੇਚ ਰਹੇ ਹਨ | ਅਕਸਰ ਦੇਖਣ ਵਿਚ ਆਇਆ ਹੈ ਕਿ ਇਸ ਡੋਰ ਦੀ ਵਰਤੋਂ ਨੌਜਵਾਨ ਅਤੇ ਬੱਚੇ ਪਤੰਗਾਂ ਉਡਾਉਣ ਸਮੇਂ ਕਰ ਰਹੇ ਹੁੰਦੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਡੋਰ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ, ਜਿਸ ਨੂੰ ਰੋਕਣ ਵਿਚ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਸਫਲ ਸਾਬਿਤ ਹੋ ਰਿਹਾ ਹੈ | ਚਾਈਨਾ ਡੋਰ ਜਿਥੇ ਮਨੁੱਖ ਲਈ ਖ਼ਤਰਨਾਕ ਸਾਬਿਤ ਹੋ ਰਹੀ ਹੈ, ਉਥੇ ਪਸ਼ੂ, ਪੰਛੀਆਂ, ਜਾਨਵਰਾਂ ਲਈ ਵੀ ਖ਼ਤਰਨਾਕ ਹੈ, ਕਿਉਂਕਿ ਇਸ ਦੀ ਚਪੇਟ ਵਿਚ ਆਉਣ ਨਾਲ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ, ਉਥੇ ਪੰਛੀਆਂ ਦੇ ਖੰਭਾਂ ਅਤੇ ਪੈਰਾਂ ਵਿਚ ਇਹ ਡੋਰ ਫਸ ਜਾਂਦੀ ਹੈ ਅਤੇ ਡੋਰ ਪਾਲਸਟਿਕ ਦੀ ਹੋਣ ਕਾਰਨ ਜਲਦੀ ਟੁੱਟਦੀ ਨਹੀਂ ਹੈ, ਜਿਸ ਕਾਰਨ ਪੰਛੀ ਵੀ ਇਸਦੀ ਚਪੇਟ ਵਿਚ ਆ ਕੇ ਆਪਣਾ ਦਮ ਤੋੜ ਜਾਂਦੇ ਹਨ | ਪੰਜਾਬ ਸਰਕਾਰ ਵਲੋਂ ਇਸ ਖ਼ਤਰਨਾਕ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਉਪਰ ਸਖ਼ਤ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਚਾਈਨਾ ਡੋਰ ਦੇ ਗੱਟੂਆਂ ਨਾਲ ਲੋਕਾਂ ਵਲੋਂ ਪਤੰਗਬਾਜੀ ਕੀਤੀ ਜਾ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ, ਉਥੇ ਪ੍ਰਸ਼ਾਸਨ ਵੀ ਬੇਖ਼ਬਰ ਹੈ ਅਤੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਪਤੰਗਾਂ ਵੇਚਣ ਦਾ ਕਾਰੋਬਾਰ ਕਰਨ ਵਾਲੇ ਕਈ ਵਿਅਕਤੀ ਮਾਰਚ-ਅਪ੍ਰੈਲ ਮਹੀਨੇ ਵਿਚ ਇਹ ਖੂਨੀ ਚਾਈਨਾ ਡੋਰ ਦੇ ਗੱਟੂਆਂ ਦੀ ਵੱਡੇ ਪੱਧਰ 'ਤੇ ਖਰੀਦੋ ਫਰੋਖਤ ਕਰਕੇ ਇਨ੍ਹਾਂ ਨੂੰ ਲੁਕੋ ਕੇ ਰੱਖ ਦਿੰਦੇ ਹਨ, ਕਿਉਂਕਿ ਲੋਹੜੀ ਤੋਂ ਕਈ ਮਹੀਨੇ ਪਹਿਲਾਂ ਖਰੀਦੀ ਗਈ ਚਾਈਨਾ ਡੋਰ ਦੀ ਕੀਮਤ ਲੋਹੜੀ ਦੇ ਨਜ਼ਦੀਕ ਦੀ ਕੀਮਤ ਨਾਲੋਂ ਬਹੁਤ ਘੱਟ ਹੁੰਦੀ ਹੈ | ਇਹ ਦੁਕਾਨਦਾਰ ਬਹੁਤ ਹੀ ਘੱਟ ਭਾਅ 'ਤੇ ਚਾਈਨਾ ਡੋਰ ਦੇ ਗੱਟੂ ਲਿਆ ਕੇ ਵੱਡੇ ਪੱਧਰ 'ਤੇ ਮੋਟੀ ਕਮਾਈ ਕਰਨ ਵਿਚ ਲੱਗੇ ਹੁੰਦੇ ਹਨ | ਇਸ ਸੰਬੰਧੀ ਸ਼ਹਿਰ ਨਿਵਾਸੀਆਂ ਬਲਜੀਤ ਸਿੰਘ, ਰਵੀ ਕੁਮਾਰ, ਅਜੇ ਕੁਮਾਰ, ਮਨਜੀਤ ਸਿੰਘ, ਮੇਜਰ ਸਿੰਘ ਆਦਿ ਨੇ ਦੱਸਿਆ ਕਿ ਕੁਝ ਲਾਲਚੀ ਲੋਕ ਕੁਝ ਪੈਸਿਆਂ ਦੀ ਖ਼ਾਤਰ ਖਤਰਨਾਕ ਚਾਈਨਾ ਡੋਰ ਦਾ ਕਾਰੋਬਾਰ ਧੜੱਲੇ ਨਾਲ ਕਰ ਰਹੇ, ਉਥੇ ਖ਼ਤਰਨਾਕ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਨਾਲ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜੁਰਗ ਵੀ ਸ਼ਾਮਿਲ ਹਨ | ਉਨ੍ਹਾਂ ਨੇ ਕਿਹਾ ਕਿ ਸਥਾਨਕ ਪੁਲਿਸ ਨੂੰ ਉਨ੍ਹਾਂ ਲੋਕਾਂ ਬਾਰੇ ਵੀ ਪਤਾ ਹੈ, ਜੋ ਦੁਕਾਨਦਾਰ ਸ਼ਹਿਰ ਵਿਚ ਧੜੱਲੇ ਨਾਲ ਚਾਈਨਾ ਡੋਰ ਦਾ ਕਾਰੋਬਾਰ ਕਰ ਰਹੇ ਹਨ, ਪਰ ਪਤਾ ਨਹੀਂ ਇਨ੍ਹਾਂ ਉਪਰ ਸਖ਼ਤ ਕਾਰਵਾਈ ਕਿਉਂ ਨਹੀਂ ਹੁੰਦੀ | ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਤੰਗਬਾਜੀ ਅਤੇ ਡੋਰ ਵੇਚਣ ਵਾਲਿਆਂ ਦੁਕਾਨਾਂ ਉਪਰ ਰੋਜ਼ਾਨਾ ਚੈਕਿੰਗ ਕਰਨ ਅਤੇ ਉਥੇ ਦਿਨ ਦੇ ਸਮੇਂ ਪੱਕੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ, ਤਾਂ ਜੋ ਉਨ੍ਹਾਂ ਦੁਕਾਨਦਾਰਾਂ ਉਪਰ ਨਕੇਲ ਕੱਸੀ ਜਾ ਸਕੇ, ਜਿਹੜੇ ਇਸ ਖੂਨੀ ਡੋਰ ਦਾ ਕਾਰੋਬਾਰ ਕਰ ਰਹੇ ਹਨ | ਇਸ ਸੰਬੰਧੀ ਡੀ.ਐੱਸ.ਪੀ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਇਹ ਡੋਰ ਮਨੁੱਖੀ ਜੀਵਨ ਲਈ ਨੁਕਸਾਨਦੇਹ ਹੈ | ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜਮਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਤੰਗਬਾਜੀ ਅਤੇ ਡੋਰ ਵੇਚਣ ਵਾਲਿਆਂ ਦੁਕਾਨਾਂ ਉਪਰ ਸਮੇਂ-ਸਮੇਂ 'ਤੇ ਚੈਕਿੰਗ ਕਰੇ ਅਤੇ ਜਿਥੇ ਵੀ ਇਹ ਡੋਰ ਬਰਾਮਦ ਹੁੰਦੀ ਹੈ, ਉਸ ਦੁਕਾਨਦਾਰ ਖ਼ਿਲਾਫ਼ ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਖੂਨੀ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਸੰਬੰਧੀ ਪੁਲਿਸ ਨੂੰ ਸੂਚਨਾ ਦੇਣ ਤਾਂ ਜੋ ਸਮੇਂ ਸਿਰ ਉਨ੍ਹਾਂ ਉਪਰ ਕਾਰਵਾਈ ਕੀਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦਾ ਪ੍ਰਯੋਗ ਕਰਨ ਤੋਂ ਰੋਕਣ ਅਤੇ ਧਾਗੇ ਤੋਂ ਬਣੀ ਡੋਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਇਸ ਡੋਰ ਨਾਲ ਹੋ ਰਹੇ ਹਾਦਸੇ ਨਾ ਹੋਣ ਸਕਣ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਨੇ ਡੀ.ਸੀ. ਦਫ਼ਤਰ ਅੱਗੇ ਦਿੱਤਾ ਧਰਨਾ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿਚ ਸ਼ੋ੍ਰਮਣੀ ਕਮੇਟੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਾ...
Ad Position 24