ਜੰਡਿਆਲਾ ਗੁਰੂ, 6 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਆਮ ਆਦਮੀ ਪਾਰਟੀ ਬਿਨਾਂ ਕਿਸੇ ਭੇਦ ਭਾਵ ਸੂਬੇ ਦਾ ਵਿਕਾਸ ਕਰ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਵਲੋਂ ਕੇਵਲ ਆਪਣਾ ਹੀ ਵਿਕਾਸ ਕੀਤਾ ਹੈ ਨਾ ਕਿ ਸੂਬੇ ਦਾ | ਹਰਭਜਨ ਸਿੰਘ ਈ. ਟੀ. ਓ. ਅੱਜ ਅਲਿਮਕੋ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਲਗਾਏ ਗਏ ਕੈਂਪ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਅਲਿਮਕੋ ਵਲੋਂ ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ ਸਨ ਅਤੇ ਅੱਜ ਜੰਡਿਆਲਾ ਵਿਖੇ ਕੈਂਪ ਲਗਾ ਕੇ ਲੋੜਵੰਦ ਵਿਅਕਤੀਆਂ ਦੇ ਸਹਾਇਕ ਉਪਕਰਣ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪਾਂ ਵਿਚ 59 ਵਿਅਕਤੀਆਂ ਨੂੰ ਅਲਿਮਕੋ ਦੀ ਸਹਾਇਤਾ ਨਾਲ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਕਰੀਬ 10 ਲੱਖ ਰੁਪਏ ਦੇ 110 ਸਹਾਇਕ ਉਪਕਰਣ ਵੰਡੇ ਗਏ ਹਨ | ਉਨ੍ਹਾਂ ਦੱਸਿਆ ਹਰੇਕ ਵਿਅਕਤੀ ਦੀ ਲੋੜ ਅਨੁਸਾਰ ਸਾਇਜ ਲੈ ਕੇ ਉਪਕਰਣ ਤਿਆਰ ਕਰਵਾਏ ਗਏ ਅਤੇ ਹੁਣ ਉਨ੍ਹਾਂ ਦੇ ਨਜ਼ਦੀਕੀ ਸਥਾਨਾਂ 'ਤੇ ਜਾ ਕੇ ਕੈਂਪ ਲਗਾ ਕੇ ਇਹ ਵੰਡ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਸਾਰੇ ਉਪਕਰਣ ਅਲਿਮਕੋ ਵਲੋਂ ਬਹੁਤ ਵਧੀਆ ਤਕਨੀਕ ਅਤੇ ਕੁਆਲਿਟੀ ਨਾਲ ਤਿਆਰ ਕੀਤੇ ਗਏ ਹਨ | ਇਸ ਮੌਕੇ 12 ਮੋਟੋਰਾਈਜਡ ਟਰਾਈਸਾਈਕਲ, 21 ਟਰਾਈ ਸਾਈਕਲ, 9 ਵੀਲ ਚੇਅਰ, 1 ਟੀ. ਐੱਲ. ਐੱਮ. ਕਿੱਟ, 12 ਸੁਣਨ ਵਾਲੀਆਂ ਮਸ਼ੀਨਾਂ, 24 ਬੇਸਾਖੀਆਂ, 13 ਵਾਲਕਿੰਗ ਸਟਿੱਕ, 6 ਵਾਰਕ, 9 ਕੁਸ਼ਨਜ਼ ਅਤੇ 3 ਬਨਾਉਟੀ ਅੰਗ ਵੰਡੇ ਗਏ ਹਨ | ਕੈਂਪ ਦੌਰਾਨ ਐੱਸ. ਐੱਮ. ਓ. ਡਾ. ਮਨਜੀਤ ਸਿੰਘ ਰਟੌਲ ਵਲੋਂ ਯੂ. ਡੀ. ਆਈ. ਡੀ. ਕਾਰਡ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੱਗਣ ਵਾਲੇ ਕੈਂਪਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈ | ਇਸ ਮੌਕੇ ਐੱਸ. ਡੀ. ਐੱਮ. ਅਮਨਪ੍ਰੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਭਲਾਈ ਅਫਸਰ, ਮੈਡਮ ਸੁਹਿੰਦਰ ਕੌਰ, ਮੈਡਮ ਸੁਨੈਨਾ ਰੰਧਾਵਾ, ਸਤਿੰਦਰ ਸਿੰਘ, ਸ਼ਹਿਰੀ ਪ੍ਰਧਾਨ ਜੰਡਿਆਲਾ ਗੁਰੂ ਸਰਬਜੀਤ ਸਿੰਘ ਡਿੰਪੀ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ |