ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਆਪ੍ਰੇਸ਼ਨ ਪ੍ਰਹਾਰ ਤਹਿਤ ਐਸ.ਐਸ.ਪੀ. ਸੁਰਿੰਦਰ ਲਾਂਬਾ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਗੈਂਗਸਟਰਵਾਦ ਅਤੇ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਖਿਲਾਫ਼ ਚਲਾਇਆ ਜਾ ਰਿਹਾ ਹੈ 'ਆਪ੍ਰੇਸ਼ਨ ਪ੍ਰਹਾਰ' ਤਰਨ ਤਾਰਨ ਪੁਲਿਸ ਵਲੋਂ ਸੱਤਵੇਂ ਦਿਨ ਵੀ ਜਾਰੀ ਰਿਹਾ | ਇਸ ਦੌਰਾਨ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਐਸ.ਐਸ.ਪੀ. ਲਾਂਬਾ ਦੀ ਅਗਵਾਈ ਹੇਠ ਸ਼ਹਿਰ ਅਤੇ ਕਸਬਿਆਂ ਵਿਚ ਫਲੈਗ ਮਾਰਚ ਕੱਢੇ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਭਾ ਨੇ ਦੱਸਿਆ ਕਿ 26 ਜਨਵਰੀ ਮੌਕੇ ਆਸ-ਪਾਸ ਦੇ ਇਲਾਕਿਆਂ ਹੋਟਲਾਂ, ਸਰਾਵਾਂ ਆਦਿ ਹੋਰ ਥਾਵਾਂ 'ਤੇ ਪੁਲਿਸ ਵਲੋਂ ਸਖ਼ਤ ਨਿਗ੍ਹਾ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਇਸ ਤੋਂ ਇਲਾਵਾ ਪੁਲਿਸ ਵਲੋਂ ਜਿਲ੍ਹੇ ਦੇ ਹਾਟ ਸਪਾਟ ਖ਼ੇਤਰਾਂ ਵਿਚ ਵੀ ਚੈਕਿੰਗ ਕੀਤੀ ਜਾ ਰਹੀ ਹੈ | ਇਸ ਆਪ੍ਰੇਸ਼ਨ ਵਿਚ ਇਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਰਾਤ ਦੇ ਨਾਕੇ, ਪੈਟਰੋਿਲੰਗ ਪਾਰਟੀ, ਨਾਈਟ ਪੈਟਰੋਿਲੰਗ ਪਾਰਟੀਆਂ ਅਤੇ ਨਾਕਾਬੰਦੀਆਂ 'ਤੇ ਤਾਇਨਾਤ ਕੀਤੇ ਗਏ ਹਨ | ਇਸ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦੌਰਾਨ ਹਰੇਕ ਵਾਹਨ, ਗੱਡੀ ਆਦਿ ਵਹੀਕਲਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਦੱਸਿਆ ਕਿ ਇਸ ਤੋਂ ਇਲਾਵਾ ਡੀ.ਜੀ.ਪੀ. ਗੌਰਵ ਯਾਦਵ ਵਲੋਂ ਗੈਂਗਸਟਰਵਾਦ 'ਤੇ ਨਕੇਲ ਕੱਸਣ ਲਈ 'ਆਪ੍ਰੇਸ਼ਨ ਪ੍ਰਹਾਰ' ਚਲਾਇਆ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਗੈਂਗਸਟਰਾਂ ਨਾਲ ਸੰਬੰਧ ਰੱਖਣ ਅਤੇ ਨਸ਼ਾ ਤਸਕਰੀਂ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਜਿਹੜੇ ਲੋਕ ਕਿਰਾਏ 'ਤੇ ਰਹਿ ਰਹੇ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਥੋਂ ਆਏ ਹਨ ਅਤੇ ਕਦੋਂ ਤੋਂ ਰਹਿ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਦੌਰਾਨ 1300 ਤੋਂ ਵਧੇਰੇ ਪੁਲਿਸ ਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ 250 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਲੋੋਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਲੋਕਾਂ ਦੇ ਘਰਾਂ ਦੀ ਚੈਕਿੰਗ ਤੋਂ ਇਲਾਵਾ ਉਨ੍ਹਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਅਸਲਾ ਸਪਲਾਈ, ਡਰੱਗ ਅਤੇ ਮਨੀ ਸਪਲਾਈ ਕਰਨ ਵਾਲਿਆਂ ਵਿਅਕਤੀਆਂ ਦੇ ਘਰਾਂ ਦੀ ਵੀ ਚੈਕਿੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੱਤਵੇਂ ਦੀ ਛਾਪੇਮਾਰੀ ਦੌਰਾਨ ਪੁਲਿਸ ਨੇ ਸ਼ੱਕੀ ਵਿਅਕਤੀਆਂ ਨੂੰ ਰਾਊਡਅੱਪ ਕਰਕੇ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਕਈ ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ | ਉਨ੍ਹਾਂ ਤਰਨ ਤਾਰਨ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਵਲੋਂ ਗੈਂਗਸਟਰਾਂ ਅਤੇ ਡਰੱਗ ਤਸਕਰਾਂ ਖਿਲਾਫ਼ ਚਲਾਏ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਜਾਣਕਾਰੀ ਦੇ ਕੇ ਪੁਲਿਸ ਨੂੰ ਸਹਿਯੋਗ ਕਰਨ | ਇਸ ਮੌਕੇ ਐੱਸ.ਪੀ. (ਹੈੱਡਕੁਆਟਰ) ਸੁਖਨਿੰਦਰ ਸਿੰਘ, ਡੀ.ਐੱਸ.ਪੀ. (ਡੀ) ਜਗਜੀਤ ਸਿੰਘ, ਡੀ.ਐੱਸ.ਪੀ. ਸਿਟੀ ਤਰਨ ਤਾਰਨ ਸੁਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਦੇ ਜਵਾਨ ਮੌਜੂਦ ਸਨ |