ਤਰਨ ਤਾਰਨ, 1 ਫਰਵਰੀ (ਇਕਬਾਲ ਸਿੰਘ ਸੋਢੀ)-ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ 'ਤੇ ਹਵਾਈ ਫਾਇਰ ਕਰਨ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਗਾਲੀ ਗਲੋਚ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਤੋਂ ਇਲਾਵਾ ਉਕਤ ਵਿਅਕਤੀਆਂ ਦੇ ਦੋ ਹੋਰ ਅਣਪਛਾਤੇ ਸਾਥੀਆਂ 'ਤੇ ਵੀ ਮਾਮਲਾ ਦਰਜ ਹੋਇਆ ਹੈ | ਥਾਣਾ ਸਦਰ ਪੱਟੀ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਾਰਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਤੂਤ ਨੇ ਦੱਸਿਆ ਕਿ ਉਸ ਨੂੰ ਬਾਜ਼ਾਰ ਤੂਤ ਵਿਚ ਦਿਲਬਾਗ ਸਿੰਘ ਪੁੱਤਰ ਗੁਰਮੇਲ ਸਿੰਘ, ਹਰਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਤੂਤ ਅਤੇ ਉਸ ਦੇ ਸਾਥੀਆਂ ਨੇ ਮੇਰਾ ਰਾਹ ਰੋਕ ਕੇ ਮੈਨੂੰ ਜਾਨੋਂ ਮਾਰਨ ਦੀਆ ਧਮਕੀਆ ਦਿੱਤੀਆ, ਗਾਲੀ ਗਲੋਚ ਕੀਤਾ ਅਤੇ ਹਵਾਈ ਫਾਇਰ ਕੀਤੇ | ਸ਼ਿਕਾਇਤਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਹਰਪਾਲ ਸਿੰਘ ਦਾ ਮੇਰੇ ਨਾਲ ਜ਼ਮੀਨ ਦੀ ਵੱਟ ਦਾ ਰੋਲਾ ਹੈ ਅਤੇ ਦਿਲਬਾਗ ਸਿੰਘ ਉਸ ਦਾ ਦੋਸਤ ਹੈ | ਇਸੇ ਰੰਜਿਸ ਤਹਿਤ ਦਿਲਬਾਗ ਸਿੰਘ, ਹਰਪਾਲ ਸਿੰਘ ਅਤੇ 2 ਅਣਪਛਾਤੇ ਨੇ ਮੇਰਾ ਰਾਹ ਰੋਕ ਕੇ ਹਵਾਈ ਫਾਇਰ ਕਰਨ ਤੋਂ ਇਲਾਵਾ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ, ਅਤੇ ਗਾਲੀ ਗਲੋਚ ਕੀਤਾ | ਇਸ ਸੰਬੰਧੀ ਏ.ਐਸ.ਆਈ. ਗੱਜਣ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਦਿਲਬਾਗ ਸਿੰਘ, ਹਰਪਾਲ ਸਿੰਘ ਵਾਸੀਆਨ ਤੂਤ ਅਤੇ ਉਸ ਦੇ ਦੋ ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |