ਅੰਮਿ੍ਤਸਰ, 4 ਫਰਵਰੀ (ਰੇਸ਼ਮ ਸਿੰਘ)-ਪ੍ਰੈੱਸ ਕਲੱਬ ਅੰਮਿ੍ਤਸਰ ਵਿਖੇ ਕਰਵਾਏ 'ਪੱਤਰਕਾਰ ਮਿਲਣੀ' ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਅਮਰੀਕਾ ਵਿਚ ਸਾਬਕਾ ਭਾਰਤੀ ਰਾਜਦੂਤ ਅਤੇ ਅੰਮਿ੍ਤਸਰ ਲੋਕ ਸਭਾ ਹਲਕੇ ਦੇ ਭਾਜਪਾ ਦੇ ਇੰਚਾਰਜ਼ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਗ਼ੈਰ ਰਸਮੀ ਮੁਲਾਕਾਤ ਦੌਰਾਨ ਜਿਥੇ ਪ੍ਰੈਸ ਕਲੱਬ ਦੀਆਂ ਮੰਗਾਂ ਅਤੇ ਮੁੱਦਿਆਂ ਨਾਲ ਪੂਰੀ ਸਹਿਮਤੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਹੱਲ ਕਰਨ ਅਤੇ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਵਾਅਦਾ ਕੀਤਾ | ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸੈਲਾਨੀਆਂ ਦੀ ਆਮਦ ਵਧਾਉਣ ਲਈ ਗੁਰੂ ਨਗਰੀ ਅੰਮਿ੍ਤਸਰ ਵਿਚ ਤਿੰਨ ਤੋਂ ਚਾਰ ਦਿਨਾਂ ਦਾ ਉਨ੍ਹਾਂ ਦਾ ਨਿੱਜੀ ਠਹਿਰਾਅ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਵਿਸ਼ੇਸ਼ ਯਤਨਾਂ ਦੀ ਲੋੜ ਹੈ ਤਾਂ ਜੋ ਸੈਰ-ਸਪਾਟਾ ਨਵੀਆਂ ਉਚਾਈਆਂ ਤੱਕ ਪਹੁੰਚ ਸਕੇ | ਬੇਬਾਕ ਆਗੂ ਸ: ਸੰਧੂ ਸਮੁੰਦਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿੱਜੀਕਰਨ ਨੂੰ ਕਿਸੇ ਵੀ ਹਾਲਤ ਵਿਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਇਸ ਸਮਾਗਮ ਦੀ ਪ੍ਰਧਾਨਗੀ ਪ੍ਰੈਸ ਕਲੱਬ ਅੰਮਿ੍ਤਸਰ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਕੀਤੀ, ਜਿਨ੍ਹਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਲੱਬ ਦੀਆਂ ਵੱਖ-ਵੱਖ ਮੰਗਾਂ ਉਨ੍ਹਾਂ ਸਾਹਮਣੇ ਪੇਸ਼ ਕੀਤੀਆਂ | ਇਨ੍ਹਾਂ ਵਿਚ ਕਲੱਬ ਕੰਪਲੈਕਸ ਦੇ ਅੰਦਰ ਇੱਕ ਜਿੰਮ, ਆਡੀਟੋਰੀਅਮ ਅਤੇ ਕਮਰੇ ਬਣਾਉਣੇ, ਮੈਦਾਨ ਦੀ ਲੈਂਡਸਕੇਪਿੰਗ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨਾਲ ਗੱਲਬਾਤ ਰਾਹੀਂ ਟੋਲ ਪਲਾਜ਼ਿਆਂ 'ਤੇ ਪੀਲੇ/ਮਾਨਤਾ ਕਾਰਡ ਧਾਰਕ ਪੱਤਰਕਾਰਾਂ ਲਈ ਮੁਫਤ ਲਾਂਘਾ ਸਹੂਲਤਾਂ ਪ੍ਰਾਪਤ ਕਰਨਾ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਵਿਦੇਸ਼ੀ ਪ੍ਰੈਸ ਕਲੱਬਾਂ ਨਾਲ ਸਬੰਧ ਸਥਾਪਤ ਕਰਨਾ ਸ਼ਾਮਲ ਸੀ | ਸਮਾਗਮ ਦੀ ਸਮਾਪਤੀ ਤੋਂ ਅਜੀਤ ਉਪ ਦਫਤਰ ਦੇ ਇੰਚਾਰਜ਼ ਤੇ ਪ੍ਰੈੱਸ ਕਲੱਬ ਦੇ ਸੀਨੀਅਰ ਉਪ ਪ੍ਰਧਾਨ ਸ: ਜਸਵੰਤ ਸਿੰਘ ਜੱਸ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਸ. ਸੰਧੂ ਪ੍ਰੈਸ ਕਲੱਬ ਦੀਆਂ ਮੰਗਾਂ ਨੂੰ ਪਹਿਲ ਦੇਣਗੇ | ਇਸ ਮੌਕੇ ਜਨਰਲ ਸਕੱਤਰ ਮਨਿੰਦਰ ਮੋਂਗਾ, ਉਪ ਪ੍ਰਧਾਨ ਵਿਪਨ ਰਾਣਾ, ਸਕੱਤਰ ਸਤੀਸ਼ ਸ਼ਰਮਾ, ਖਜ਼ਾਨਚੀ ਕਮਲ ਕਿਸ਼ੋਰ ਪਹਿਲਵਾਨ ਸਮੇਤ ਜ਼ਿਲ੍ਹੇ ਭਰ ਦੇ ਵੱਡੀ ਗਿਣਤੀ ਵਿਚ ਪੱਤਰਕਾਰ ਸ਼ਾਮਲ ਹੋਏ |