ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ) ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ 2 ਨੌਜਵਾਨਾਂ ਨੂੰ ਇਕ ਥਾਰ ਗੱਡੀ ਚਾਲਕ ਵਲੋਂ ਗਲਤ ਸਾਈਡ ਗੱਡੀ ਲਿਆ ਕੇ ਉਨਾਂ ਦੇ ਮੋਟਰਸਾਈਕਲ ਵਿਚ ਮਾਰ ਦਿੱਤੀ ਗਈ, ਜਿਸ ਕਾਰਨ ਗੰਭੀਰ ਸੱਟਾਂ ਲੱਗਣ ਕਾਰਨ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ | ਇਸ ਮਾਮਲੇ ਵਿਚ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਥਾਰ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਦਰ ਪੱਟੀ ਵਿਖੇ ਸੁਖਚੈਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬ੍ਰਹਮਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਬਗੀਚਾ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਸ਼ਰੀਕੇ ਵਿਚੋੋਂ ਭਰਾ ਸੁਖਵਿੰਦਰ ਸਿੰਘ ਪੁੱਤਰ ਸਾਦਾ ਸਿੰਘ ਵਾਸੀਆਨ ਬ੍ਰਹਮਪੁਰਾ ਜੋ ਘਰੇਲੂ ਕੰਮ ਲਈ ਆਪਣੇ ਪਿੰਡ ਤੋਂ ਖਾਲੜਾ ਨੂੰ ਮੋਟਰਸਾਈਕਲ ਨੰਬਰੀ ਪੀ ਬੀ 46-ਕਿਉ 2834 'ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਪਿੰਡ ਚੂਸਲੇਵਾੜ ਨਜ਼ਦੀਕ ਨੇੜੇ ਪੈਟਰੋਲ ਪੰਪ ਤੋਂ ਇਕ ਥਾਰ ਗੱਡੀ ਨੰਬਰੀ ਐੱਚ.ਆਰ 88 ਏ 9194 ਗਲਤ ਸਾਈਡ ਆਈ ਅਤੇ ਉਸਦੇ ਭਰਾਵਾਂ ਦੇ ਮੋਟਰਸਾਈਕਲ ਵਿਚ ਆ ਵੱਜੀ ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਂਚ ਅਧਿਕਾਰੀ ਏ.ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਥਾਰ ਗੱਡੀ ਚਾਲਕ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕੋਲੇਵਾਲ ਜ਼ਿਲਾ ਮਾਨਸਾ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |