ਤਰਨ ਤਾਰਨ, 6 ਫਰਵਰੀ (ਇਕਬਾਲ ਸਿੰਘ ਸੋਢੀ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੀ ਮਿਹਨਤਕਸ਼ ਜਮਾਤ ਖਿਲਾਫ਼ ਕੀਤੇ ਜਾ ਰਹੇ ਮਾਰੂ ਹਮਲਿਆਂ ਵਿਰੁੱਧ 10 ਕੇਦਰੀਂ ਟਰੇਂਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ ਅਤੇ ਅਜ਼ਾਦ ਜਥੇਬੰਦੀਆਂ ਦੇ ਦੇਸ਼ ਵਿਆਪੀ ਸੱਦੇ 'ਤੇ ਅਤੇ ਸਯੁੰਕਤ ਕਿਸਾਨ ਮੋਰਚੇ ਦੀ ਡੱਟਵੀਂ ਹਮਾਇਤ ਤੇ 12 ਫਰਵਰੀ ਨੂੰ ਕੀਤੀ ਜਾ ਰਹੀ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਦੀ ਕਾਮਯਾਬੀ ਲਈ ਸਥਾਨਕ ਗਾਂਧੀ ਪਾਰਕ ਵਿਚ ਟਰੇਂਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਸਮੇਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਭਰਵੀਂ ਮੀਟਿੰਗ ਮਨਜੀਤ ਸਿੰਘ ਬੱਗੂ ਅਤੇ ਕਾਰਜ ਸਿੰਘ ਕੈਰੋਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਮੁਗਲਚੱਕ, ਸਤਪਾਲ ਸ਼ਰਮਾ, ਲਖਬੀਰ ਸਿੰਘ ਰੈਸੀਆਣਾ, ਪੂਰਨ ਦਾਸ, ਮੇਜਰ ਸਿੰਘ ਮੱਲੀਆ, ਚਮਨ ਲਾਲ ਦਰਾਜਕੇ, ਸੁਖਦੇਵ ਸਿੰਘ ਕੋਟ, ਜੱਸਾ ਸਿੰਘ ਕੱਦਗਿੱਲ, ਸੁੱਚਾ ਸਿੰਘ ਧੋਲ , ਸਵਰਨ ਸਿੰਘ ਕੁਹਾੜਕਾ, ਮੇਹਰ ਸਿੰਘ ਸਖੀਰਾ , ਦਵਿੰਦਰ ਕੁਮਾਰ ਸੋਹਲ, ਜਸਵਿੰਦਰ ਸਿੰਘ ਮਾਣੋਚਾਹਲ, ਕਰਮ ਸਿੰਘ ਲਾਲਪੁਰ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਤਰਜੀਤ ਸਿੰਘ ਨਾਗੋਕੇ, ਧਰਮਵੀਰ ਸਿੰਘ ਪੱਟੀ, ਮਨਜੀਤ ਸਿੰਘ ਖੇਲਾ, ਦਲਵਿੰਦਰ ਸਿੰਘ ਪਨੂੰ, ਕਾ. ਚਰਨ ਸਿੰਘ, ਜਤਿੰਦਰਪਾਲ ਸਿੰਘ ਆਦਿ ਨੇ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਜਟ ਸੈਸ਼ਨ ਦੌਰਾਨ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025 ਵਰਗੇ ਲੋਕ ਮਾਰੂ ਬਿੱਲ ਪੇਸ਼ ਕਰਕੇ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਪੂੰਜੀਪਤੀਆਂ ਦੇ ਹਿੱਤ ਪਾਲਣ ਦੀਆਂ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਹਨ | ਜਿਸ ਨੂੰ ਸੰਘਰਸ਼ਸ਼ੀਲ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ | ਆਗੂਆਂ ਨੇ ਕਿਹਾ ਕਿ ਸਰਮਾਏਦਾਰ ਪੱਖੀ ਹਾਕਮਾਂ ਦੀ ਖੋਟੀ ਨੀਅਤ ਖਿਲਾਫ਼ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਵੱਧ ਤੋਂ ਵੱਧ ਕਾਮਯਾਬ ਕੀਤਾ ਜਾਵੇਗਾ | ਆਗੂਆਂ ਨੇ ਸੰਘਰਸ਼ਸ਼ੀਲ ਧਿਰਾਂ ਦੇ ਵਰਕਰਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ 12 ਫਰਵਰੀ ਨੂੰ ਸ਼ਹਿਰ ਵਿਚ ਰੋਸ ਮਾਰਚ ਕਰਨ ਲਈ ਝੰਡੇ ਅਤੇ ਮਾਟੋ ਲੈ ਕੇ ਸਵੇਰੇ 11 ਵਜੇ ਗਾਂਧੀ ਪਾਰਕ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ |