ਤਰਨ ਤਾਰਨ, 26 ਫਰਵਰੀ (ਹਰਿੰਦਰ ਸਿੰਘ)-ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਅਣਪਛਾਤੇ ਵਿਅਕਤੀ ਵਲੋਂ 2 ਲੱਖ 55 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਵਿਖੇ ਦਿਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮੱਲੀਆ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਮੋਬਾਈਲ ਫੋਨ 'ਤੇ ਮੈਸੇਜ ਆਏ ਤਾਂ ਉਸ ਨੇ ਦੇਖਿਆ ਕਿ ਉਸਦੇ ਐੱਚ.ਡੀ.ਐੱਫ.ਸੀ. ਬੈਂਕ ਦੇਖਾਤੇ ਵਿਚੋਂ ਪੈਸੇ ਨਿਕਲ ਰਹੇ ਹਨ | ਜਦੋਂ ਉਸ ਨੇ ਬੈਂਕ ਵਿਚ ਜਾ ਕੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਫੋਨ ਹੈਕ ਕਰਕੇ ਕਿਸੇ ਵਿਅਕਤੀ ਨੇ ਉਸ ਦੇ ਖਾਤੇ ਵਿਚੋਂ 90 ਹਜ਼ਾਰ ਰੁਪਏ ਦਾ ਲੋਨ ਕਰਵਾ ਲਿਆ ਹੈ, ਜਿਸ ਵਿਚੋਂ 70 ਹਜ਼ਾਰ ਰੁਪਏ ਵੀ ਕੱਢ ਲਏ ਹਨ | ਇਸ ਤਰ੍ਹਾਂ ਉਸਦੇ ਖਾਤੇ ਵਿਚੋਂ ਅਣਪਛਾਤੇ ਵਿਅਕਤੀ ਨੇ ਕੁੱਲ 2 ਲੱਖ 55 ਹਜ਼ਾਰ ਰੁਪਏ ਕੱਢਵਾ ਕੇ ਆਨਲਾਈਨ ਠੱਗੀ ਮਾਰੀ ਹੈ | ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਦੇ ਏ.ਐੱਸ.ਆਈ. ਜਸਬੀਰ ਸਿੰਘ ਨੇ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |