ਤਰਨ ਤਾਰਨ, 26 ਫਰਵਰੀ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਨੌਜਵਾਨ ਵਲੋਂ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਤੋਂ ਇਲਾਵਾ ਇਸ ਮਾਮਲੇ ਵਿਚ 2 ਔਰਤਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਪੱਟੀ ਵਿਖੇ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੇ ਘਰ ਵਿਚ ਗੁਰਮੀਤ ਕੌਰ ਅਤੇ ਕੁਲਵਿੰਦਰ ਕੌਰ ਮਹਿਲਾਵਾਂ ਨੂੰ ਕਿਰਾਏ 'ਤੇ ਮਕਾਨ ਦਿੱਤਾ ਹੋਇਆ ਹੈ, ਜਿਨ੍ਹਾਂ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਲੈ ਕੇ ਭਿੱਖੀਵਿੰਡ ਲੈ ਗਈਆਂ, ਜਿਥੇ ਇਕ ਕਮਰੇ ਵਿਚ ਉਸ ਨੂੰ ਡਰਾ ਧਮਕਾ ਕੇ ਰੱਖਿਆ ਗਿਆ ਅਤੇ ਕਿਸੇ ਅਜੇਦੀਪ ਸਿੰਘ ਉਰਫ ਅਜੇ ਵਾਸੀ ਭਿੱਖੀਵਿੰਡ ਨਾਮ ਦੇ ਲੜਕੇ ਨਾਲ ਮਿਲਾਇਆ, ਜਿਸ ਨੂੰ ਉਹ ਨਹੀਂ ਜਾਣਦੀ, ਜਿਸ ਨੇ ਉਸ ਨਾਲ ਜਬਰ ਜਨਾਹ ਕੀਤਾ | ਜਾਂਚ ਅਧਿਕਾਰੀ ਐੱਸ.ਆਈ. ਮਨਦੀਪ ਕੌਰ ਨੇ ਮਾਮਲੇ ਦੀ ਜਾਂਚ ਉਪਰੰਤ ਉਕਤ ਨੌਜਵਾਨ ਅਤੇ ਮਹਿਲਾਵਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |