ਤਰਨ ਤਾਰਨ, 26 ਫਰਵਰੀ (ਇਕਬਾਲ ਸਿੰਘ ਸੋਢੀ)-ਕੀਤੇ ਵਾਅਦੇ ਦੇ ਉਲਟ ਪੰਜਾਬ ਸਰਕਾਰ ਨੇ ਸੇਰੋਂ ਖੰਡ ਮਿੱਲ ਚਾਲੂ ਕਰਨ ਦੀ ਬਜਾਇ ਵੇਚ ਦਿੱਤੀ ਹੈ | ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਖੰਡ ਮਿੱਲ ਨੂੰ ਬਚਾਉਣ ਲਈ ਅਤੇ ਪੰਜਾਬ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਹਿਣ ਵਾਸਤੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ ਅਤੇ ਕਿਸਾਨਾਂ ਦਾ ਟੈਂਟ ਉਖਾੜ ਦਿੱਤਾ ਗਿਆ ਹੈ | ਇਸਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਡੀ.ਸੀ. ਦਫ਼ਤਰ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਕਿਸਾਨ ਆਗੂ ਮਹਾਂਬੀਰ ਸਿੰਘ ਗਿੱਲ, ਤਰਸੇਮ ਸਿੰਘ ਲੁਹਾਰਾ, ਗੁਰਸਾਹਿਬ ਸਿੰਘ ਡੱਲ, ਸਤਪਾਲ ਸਿੰਘ, ਪੂਰਨ ਸਿੰਘ ਮਾੜੀਮੇਘਾ, ਦਵਿੰਦਰ ਸੋਹਲ ਨੇ ਕਿਹਾ ਕਿ ਅੱਜ ਦੀ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਨਿਕੰਮੀ ਸਾਬਿਤ ਹੋ ਰਹੀ ਹੈ | ਸੇਰੋਂ ਖੰਡ ਮਿੱਲ ਵਿਚ ਸੱਠ ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ, ਪਰ ਮਿੱਲ ਦੇ ਥਾਂ ਨੂੰ ਪੁੱਡਾ ਅਤੇ ਫੂਡ ਸਪਲਾਈ ਵਿਭਾਗ ਨੂੰ ਦੇਣ ਲਈ ਹਿੱਸੇਦਾਰ ਕਿਸਾਨਾਂ ਨੂੰ ਪੁੱਛਿਆ ਤੱਕ ਨਹੀਂ | ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਸਰਕਾਰ ਵੇਲੇ ਬੰਦ ਕੀਤੀ ਮਿੱਲ ਨੂੰ ਮੁੜ ਚਾਲੂ ਕੀਤਾ ਜਾਂਦਾ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧਾ ਤੇ ਅਸਿੱਧਾ ਰੁਜ਼ਗਾਰ ਮਿਲਦਾ | ਗੰਨਾ ਕਾਸ਼ਤਕਾਰਾਂ ਨੂੰ ਵੀ ਲਾਭ ਮਿਲਦਾ | ਮੁਨਾਫ਼ਾ ਦੇ ਰਹੀ ਇਸ ਮਿੱਲ ਤੋਂ ਪੰਜਾਬ ਸਰਕਾਰ ਨੂੰ ਵੀ ਵਿੱਤੀ ਲਾਭ ਮਿਲਦਾ, ਪਰ ਸਮੇਂ ਦੀ ਸਰਕਾਰ ਵੀ ਸਰਕਾਰੀ ਤੇ ਸਹਿਕਾਰੀ ਜ਼ਮੀਨਾਂ ਕੌਡੀਆਂ ਦੇ ਭਾਅ ਵਿੰਗੇ ਟੇਡੇ ਢੰਗ ਨਾਲ ਆਪਣੇ ਚਹੇਤਿਆਂ ਨੂੰ ਦੇ ਰਹੀਆਂ ਹਨ | ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਫ਼ੈਸਲਾ ਕੀਤਾ ਕਿ 28 ਫਰਵਰੀ ਨੂੰ ਮੁੜ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਵਲਟੋਹਾ, ਕਾਰਜ ਸਿੰਘ ਕੈਰੋਂ, ਰਾਜ ਗੋਬਿੰਦ ਸਿੰਘ, ਸੁਖਦੇਵ ਸਿੰਘ ਮਾਣੋਚਾਲ੍ਹ, ਰੂਪ ਸਿੰਘ, ਚਰਨ ਸਿੰਘ ਸਮੇਤ ਕਈ ਕਿਸਾਨ ਹਾਜ਼ਰ ਸਨ |