ਤਰਨ ਤਾਰਨ, 2 ਮਾਰਚ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਹੈਰੋਇਨ, ਨਸ਼ੇ ਦੀਆਂ ਗੋਲੀਆਂ, ਨਸ਼ੀਲੇ ਕੈਪਸੂਲ, ਪਿਸਟਲ ਅਤੇ ਡਰੱਗ ਮਨੀ ਸਮੇਤ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐ ਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਵੈਰੋਂਵਾਲ ਦੇ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਗੇਟ ਜਵੰਦਪੁਰ ਨਜ਼ਦੀਕ ਤੋਂ ਅਰਸ਼ਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਮੀਆਂਵਿੰਡ ਨੂੰ ਕਾਬੂ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਅਤੇ 520 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਸਰਾਏ ਅਮਾਨਤ ਖਾਂ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਲਿੰਕ ਰੋਡ ਚੀਮਾ ਨੇੜੇ ਗੰਡੀਵਿੰਡ ਤੋਂ ਮੋਟਰਸਾਈਕਲ ਨੰਬਰ ਪੀ.ਬੀ. 46 ਏ.ਈ. 0653 'ਤੇ ਸਵਾਰ ਹੋ ਕੇ ਆ ਰਹੇ ਗੁਰਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਢਾਲਾ ਨੂੰ ਕਾਬੂ ਕਰਕੇ ਉਸ ਪਾਸੋਂ 114 ਗ੍ਰਾਮ ਹੈਰੋਇਨ, 2 ਪਿਸਟਲ 30 ਬੋਰ ਸਮੇਤ ਮੈਗਜੀਨ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸਿਟੀ ਤਰਨ ਤਾਰਨ ਦੇ ਮੁੱਖ ਸਿਪਾਹੀ ਗੁਰਦੇਵ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਹਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗਲੀ ਹਰਭਜਨ ਸਿੰਘ ਵਾਲੀ ਮੁਹੱਲਾ ਨਾਨਕਸਰ ਤਰਨ ਤਾਰਨ ਨੂੰ ਕਾਬੂ ਕੀਤਾ ਹੈ | ਇਸੇ ਤਰ੍ਹਾਂ ਥਾਣਾ ਝਬਾਲ ਦੇ ਐੱਸ.ਆਈ. ਰਾਣੀ ਕੌਰ ਨੇ ਪੁਲਿਸ ਪਾਰਟੀ ਸਮੇਤ ਖੇਡ ਸਟੇਡੀਅਮ ਝਬਾਲ 'ਚ ਨਸ਼ਾ ਦਾ ਸੇਵਨ ਕਰ ਰਹੇ ਮਨਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਐਮਾ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ ਇਕ 10 ਰੁਪਏ ਦਾ ਨੋਟ, ਲਾਈਟਰ ਅਤੇ ਸਿਲਵਰ ਪੇਪਰ ਪੰਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਗੋਇੰਦਵਾਲ ਦੇ ਐੱਸ.ਆਈ. ਲਖਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਜੁਗਰਾਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਚੱਕ ਮਹਿਰ ਨੂੰ ਕਾਬੂ ਕਰਕੇ ਉਸ ਪਾਸੋਂ 44 ਨਸ਼ੀਲੀਆਂ ਗੋਲੀਆਂ, 200 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ | ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਰਪਾਲ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਨੂੰ ਕਾਬੂ ਕਰਕੇ ਉਸ ਪਾਸੋਂ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਪੱਟੀ ਨਜ਼ਦੀਕ ਤੋਂ ਗੁਰਪ੍ਰੀਤ ਸਿੰਘ ਵਾਸੀ ਪੱਟੀ ਨੂੰ ਕਾਬੂ ਕਰਕੇ ਉਸ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏ.ਐੱਸ.ਆਈ. ਗੱਜਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੱਡਾ ਪਿੰਡ ਤੂਤ ਤੋਂ ਗੁਲਾਬ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਆਸਲ ਨੂੰ ਕਾਬੂ ਕਰਕੇ ਉਸ ਪਾਸੋਂ 15 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਐੱਸ.ਆਈ. ਸਾਹਿਬ ਸਿੰਘ ਨੂੰ ਸੁਖਦੇਵ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਰਾਜੋਕੇ ਨੇ ਸੂਚਨਾ ਦਿੱਤੀ ਕਿ ਉਸਦੇ ਖੇਤ ਵਿਚ ਇਕ ਪੀਲੇ ਰੰਗ ਦਾ ਪੈਕੇਟ ਪਿਆ ਹੋਇਆ ਹੈ, ਜਿਸ ਵਿਚ ਕੁਝ ਹੋ ਸਕਦਾ ਹੈ ਤਾਂ ਤੁਰੰਤ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਰਚ ਦੌਰਾਨ ਇਕ ਪੈਕੇਟ ਮਿਲਿਆ ਜਿਸ ਵਿਚੋਂ 712 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਐੱਨ.ਡੀ.ਪੀ.ਐੱਸ.ਐਕਟ, ਅਸਲ੍ਹਾ ਐਕਟ ਅਤੇ ਐਕਸਾਈਜ ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ |