ਤਰਨ ਤਾਰਨ, 3 ਮਾਰਚ (ਪਰਮਜੀਤ ਜੋਸ਼ੀ)-ਘਰ ਦੇ ਬਾਹਰ ਖੜੇ ਵਿਅਕਤੀ ਨੂੰ ਥਾਰ ਗੱਡੀ ਵਿਚ ਆਏ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਧੱਕੇ ਨਾਲ ਗੱਡੀ ਵਿਚ ਬਿਠਾ ਲਿਆ ਅਤੇ ਅਗਵਾ ਕਰਕੇ ਲੈ ਗਏ | ਇਸ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਨਵਦੀਪ ਭੱਟੀ ਨੇ ਦੱਸਿਆ ਕਿ ਉਨ੍ਹਾਂ ਪਾਸ ਹਰਪ੍ਰੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਦੀਪ ਐਵੀਨਿਊ ਬੈਕ ਸਾਇਡ ਗੁਰਦੁਆਰਾ ਲਕੀਰ ਸਾਹਿਬ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਆਈ ਕਿ ਉਹ ਆਪਣੇ ਘਰ ਵਿਚ ਹਾਜ਼ਰ ਸੀ ਕਿ ਇਕ ਗੱਡੀ ਥਾਰ ਰੰਗ ਕਾਲਾ ਨੰਬਰੀ ਪੀ.ਬੀ. 10 ਐੱਚ.ਕਿਉ 781 ਸਾਡੇ ਘਰ ਦੇ ਦਰਵਾਜ਼ੇ ਅੱਗੇ ਖੜ ਗਈ | ਜਿਸ ਵਿਚੋੋਂ ਤਿੰਨ ਅਣਪਛਾਤੇ ਵਿਅਕਤੀ ਅਤੇ ਇਕ ਔਰਤ ਗੱਡੀ 'ਚੋਂ ਬਾਹਰ ਨਿਕਲੀ ਜਿਨ੍ਹਾਂ ਨੂੰ ਦੇਖ ਕੇ ਮੇਰਾ ਪਤੀ ਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਬਾਹਰ ਦਰਵਾਜ਼ੇ ਵਿਚ ਆ ਗਿਆ ਜਿਨ੍ਹਾਂ ਨੇ ਮੇਰੇ ਪਤੀ ਨੂੰ ਬਾਂਹ ਤੋੋਂ ਫੜ ਕੇ ਧੱਕੇ ਨਾਲ ਗੱਡੀ 'ਚ ਬਿਠਾ ਲਿਆ | ਜਦ ਮੈਂ ਉਨ੍ਹਾਂ ਨੂੰ ਪੱੁਛਿਆ ਕਿ ਤੁਸੀਂ ਕੌਣ ਹੋ ਤਾਂ ਅਣਪਛਾਤੀ ਔਰਤ ਨੇ ਕਿਹਾ ਕਿ ਅਸੀ ਸੀ.ਆਈ.ਏ ਸਟਾਫ ਜਲੰਧਰ ਤੋੋਂ ਆਏ ਹਾਂ ਅਤੇ ਤੁਸੀਂ ਉੱਥੇ ਆ ਜਾਣਾ ਤਾਂ ਮੈਂ ਰੌਲਾ ਪਾਉਣ ਲੱਗ ਪਈ | ਅਣਪਛਾਤੇ ਵਿਅਕਤੀ ਮੇਰੇ ਪਤੀ ਨੂੰ ਅਗਵਾ ਕਰਕੇ ਲੈ ਗਏ ਹਨ | ਐੱਸ.ਐੱਚ.ਓ. ਨਵਦੀਪ ਭੱਟੀ ਨੇ ਦੱਸਿਆ ਕਿ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਵਾ ਕੀਤੇ ਵਿਅਕਤੀ ਨੂੰ ਲੱਭ ਲਿਆ ਗਿਆ ਹੈ ਅਤੇ ਮੁਲਜਮਾਂ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ |