ਤਰਨ ਤਾਰਨ, 3 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਕ ਵਿਅਕਤੀ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਉਸ ਦੀ ਫਸਲ ਵੱਢ ਕੇ ਲੈ ਜਾਣ ਦੇ ਮਾਮਲੇ 'ਚ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵੈਰੋਂਵਾਲ ਵਿਖੇ ਰਣਜੀਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਬੁਤਾਲਾ ਜ਼ਿਲ੍ਹਾ ਕਪੂਰਥਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਭੈਣ ਜਸਵਿੰਦਰ ਕੌਰ ਦਾ ਵਿਆਹ ਸਾਲ 1995 ਵਿਚ ਗੁਰਮੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੋਟਲੀ ਸਰੂ ਖਾਂ ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਪਤੀ-ਪਤਨੀ ਦਾ ਆਪਸ ਵਿਚ ਦਾਜ-ਦਹੇਜ ਕਾਰਨ ਝਗੜਾ ਹੁੰਦਾ ਰਹਿੰਦਾ ਸੀ, ਜਿਸ ਕਰਕੇ ਦੋਵੇੇਂ ਅਲੱਗ ਰਹਿਣ ਲੱਗ ਪਏ ਸੀ | ਸਾਲ 2004 ਵਿਚ ਉਸਦੀ ਭੈਣ ਦੀ ਸੱਸ ਬਲਵਿੰਦਰ ਕੌਰ ਨੇ ਇਕ ਏਕੜ ਜ਼ਮੀਨ ਉਸਦੀ ਭੈਣ ਜਸਵਿੰਦਰ ਕੌਰ ਨੂੰ 02 ਲੱਖ 70 ਹਜ਼ਾਰ ਰੁਪਏ ਵਿਚ ਬੈਅ ਕਰ ਦਿੱਤੀ ਸੀ, ਜਿਸਦਾ ਕਬਜਾ ਅਸੀ ਲੈ ਲਿਆ ਸੀ | ਜ਼ਮੀਨ ਵਿਚ ਅਸੀਂ ਅਮਰੂਦਾਂ ਦੇ 60 ਬੂਟੇ ਲਗਾਏ ਸਨ ਤੇ ਇਸਦੇ ਨਾਲ ਨਾਲ ਕਣਕ ਦੀ ਬਿਜਾਈ ਕੀਤੀ ਹੋਈ ਸੀ | ਮਲੂਕ ਸਿੰਘ ਪੁੱਤਰ ਜਗਤਾਰ ਸਿੰਘ, ਹਰਜੀਤ ਸਿੰਘ ਪੁੱਤਰ ਜਗਤਾਰ ਸਿੰਘ, ਰਜਿੰਦਰ ਸਿੰਘ ਪੁੱਤਰ ਪੂਰਨ ਸਿੰਘ, ਨਵਦੀਪ ਸਿੰਘ ਪੁੱਤਰ ਮਲੂਕ ਸਿੰਘ ਵਾਸੀਅਨ ਕੋਟਲੀ ਸਰੂਖਾਂ ਉਸਦੀ ਕਣਕ ਵੱਢ ਕੇ ਲੈ ਗਏ ਅਤੇ ਅਮਰੂਦਾਂ ਦੇ 60 ਬੂਟੇ ਵੀ ਜੜੋਂ ਪੁੱਟ ਕੇ ਨੁਕਸਾਨ ਕਰ ਦਿੱਤਾ ਅਤੇ ਜ਼ਮੀਨ 'ਤੇ ਕਬਜਾ ਕਰ ਲਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |