ਤਰਨ ਤਾਰਨ, 3 ਮਾਰਚ (ਇਕਬਾਲ ਸਿੰਘ ਸੋਢੀ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸੁਖਵਿੰਦਰ ਸਿੰਘ, ਬਾਬਾ ਦਰਸ਼ਨ ਸਿੰਘ, ਨਿਰਮਲ ਸਿੰਘ, ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਪਲਾਸੌਰ ਆਦਿ ਨੇ ਕਿਹਾ ਕਿ ਟਰੰਪ, ਨੇਤਨਯਾਹੂ ਦੀ ਜੋੜੀ ਮਾਨਵਤਾ ਉੱਪਰ ਜ਼ੁਲਮ ਬੰਦ ਕਰੇ, ਇਰਾਨ 'ਤੇ ਹਮਲੇ ਤੁਰੰਤ ਬੰਦ ਕਰੇ | ਅਮਰੀਕੀ, ਇਜ਼ਰਾਈਲੀ ਹਾਕਮ ਨਿਰਦੋਸ਼ ਮਾਨਵਤਾ ਦਾ ਖੂਨ ਨਾ ਵਹਾਉਣ, ਇਰਾਨ ਨਾਲ ਗੱਲਬਾਤ ਦਾ ਰਾਹ ਅਪਣਾਉਣ, ਸੰਵਾਦ ਰਚਾਉਣ | ਜਥੇਬੰਦੀਆਂ ਦੇ ਆਗੂਆਂ ਕਿਹਾ ਕਿ ਅਮਰੀਕੀ, ਇਜ਼ਰਾਈਲੀ ਹਾਕਮ ਗਾਜ਼ਾ ਅੰਦਰ 80 ਹਜ਼ਾਰ ਲੋਕਾਂ ਦੇ ਕਤਲੇਆਮ ਕਰਕੇ ਵੀ ਜੰਗ ਤੋਂ ਬਾਜ ਨਹੀਂ ਆ ਰਹੇ | ਉਨ੍ਹਾਂ ਕਿਹਾ ਕਿ ਇਰਾਨ ਹਰ ਤਰੀਕੇ ਨਾਲ ਗੱਲਬਾਤ ਰਾਹੀਂ ਨਿਆਂ ਦੇ ਰਿਹਾ ਸੀ ਪਰ ਮਾਇਆਧਾਰੀ ਮਾਨਸਿਕ ਰੋਗੀ ਟਰੰਪ ਤੇ ਨੇਤਨਯਾਹੂ ਜੋੜੀ ਨੇ ਗੱਲਬਾਤ ਦਾ ਰਾਹ ਛੱਡਕੇ ਇਰਾਨ ਉੱਪਰ ਹਮਲਾ ਕਰਕੇ ਉੱਥੋਂ ਦੇ ਧਾਰਮਿਕ ਮੁੱਖੀ ਖਾਮੇਨੇਈ ਤੇ ਹੋਰਨਾਂ ਨੂੰ ਕਤਲ ਕਰਨ ਦਾ ਰਾਹ ਚੁਣਿਆ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਵਾਜ਼ ਉੱਠਣੀ ਚਾਹੀਦੀ ਹੈ ਕਿ ਰੱਬ ਭੁਲਾ ਕੇ ਇਜ਼ਰਾਈਲ-ਅਮਰੀਕਾ ਵਲੋਂ ਇਰਾਨ ਉੱਪਰ ਸ਼ੁਰੂ ਕੀਤੇ ਹਮਲਿਆਂ ਦੀ ਨਿੰਦਾ ਹੋਣੀ ਚਾਹੀਦੀ ਹੈ |