ਅੰਮਿ੍ਤਸਰ, 3 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕ ਤਕਨਾਲੋਜੀ ਵਿਭਾਗ ਵਲੋਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ 5 ਦਿਨਾਂ ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦੇਸ਼ ਆਧੁਨਿਕ ਤਕਨਾਲੋਜੀ ਨੂੰ ਖੇਤੀਬਾੜੀ ਨਾਲ ਜੋੜ ਕੇ ਕਿਸਾਨੀ ਨੂੰ ਹੋਰ ਸੁਚੱਜੀ, ਟਿਕਾਊ ਅਤੇ ਉਤਪਾਦਕ ਬਣਾਉਣਾ ਸੀ | ਇਸ ਵਰਕਸ਼ਾਪ ਦਾ ਮੁੱਖ ਮਕਸਦ ਉਭਰ ਰਹੀਆਂ ਸੰਚਾਰ ਤਕਨਾਲੋਜੀਆਂ, ਏ.ਆਈ. ਅਤੇ ਹੋਰ ਪ੍ਰਣਾਲੀਆਂ ਦੀ ਮਦਦ ਨਾਲ ਖੇਤੀ ਦੇ ਅਸਲ ਮੈਦਾਨੀ ਮੁੱਦਿਆਂ ਦਾ ਹੱਲ ਲੱਭਣਾ ਸੀ, ਤਾਂ ਜੋ ਡਾਟਾ ਆਧਾਰਿਤ ਫੈਸਲੇ ਲੈ ਕੇ ਉਪਜ ਅਤੇ ਸੰਸਾਧਨਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕੇ | ਇਹ ਪ੍ਰੋਗਰਾਮ ਸੈਂਟਰ ਫਾਰ ਐਗਰੀਕਲਚਰਲ ਰੀਸਰਚ ਐਂਡ ਇਨੋਵੇਸ਼ਨ ਦੀ ਸਹਾਇਤਾ ਨਾਲ ਚਲਾਇਆ ਗਿਆ, ਜੋ ਖੇਤੀ ਅਤੇ ਤਕਨਾਲੋਜੀ ਦੇ ਅੰਤਰਵਿਸ਼ਾ ਅਧਿਐਨ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਵਰਕਸ਼ਾਪ ਦਾ ਉਦਘਾਟਨ ਡਾਇਰੈਕਟਰ ਰੀਸਰਚ ਅਤੇ ਮੁਖੀ ਪ੍ਰੋ. ਪ੍ਰਤਾਪ ਕੁਮਾਰ ਪਾਤੀ ਨੇ ਕੀਤਾ | ਉਨ੍ਹਾਂ ਨੇ ਕਿਹਾ ਕਿ ਤੇਜ਼ ਸੰਚਾਰ ਪ੍ਰਣਾਲੀ, ਦੂਰ ਸੰਵੇਦਨ ਤਕਨਾਲੋਜੀ ਅਤੇ ਬੁੱਧੀਮਾਨ ਵਿਸ਼ਲੇਸ਼ਣ ਰਾਹੀਂ ਖੇਤੀ ਨੂੰ ਹੋਰ ਵਿਗਿਆਨਕ ਅਤੇ ਨਿਸ਼ਾਨਾਬੱਧ ਬਣਾਇਆ ਜਾ ਸਕਦਾ ਹੈ, ਜਿਸ ਨਾਲ ਪਾਣੀ, ਖਾਦ ਅਤੇ ਊਰਜਾ ਦੀ ਬਚਤ ਹੋਵੇਗੀ ਅਤੇ ਵਾਤਾਵਰਨ ਦੀ ਸੁਰੱਖਿਆ ਵੀ ਯਕੀਨੀ ਬਣੇਗੀ | ਵਰਕਸ਼ਾਪ ਦੌਰਾਨ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਵਿਦਵਾਨਾਂ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ, ਜਿਨ੍ਹਾਂ 'ਚ ਵੱਖ ਵੱਖ ਆਈ. ਆਈ. ਟੀ., ਰਾਸ਼ਟਰੀ ਖੋਜ ਕੇਂਦਰਾਂ ਤੋਂ ਇਲਾਵਾ ਹੋਰ ਖੋਜ ਸੰਸਥਾਵਾਂ ਦੇ ਮਾਹਿਰ ਸ਼ਾਮਿਲ ਸਨ |