ਤਰਨ ਤਾਰਨ, 5 ਮਾਰਚ (ਇਕਬਾਲ ਸਿੰਘ ਸੋਢੀ)-ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ.ਐਮ.ਪੀ.ਆਈ.) ਨੇ ਟਰੰਪ ਤੇ ਨੇਤਨਯਾਹੂ ਦਾ ਤਰਨ ਤਾਰਨ ਵਿਖੇ ਪੁਤਲਾ ਫੂਕਿਆ ਅਤੇ ਹਮਲੇ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਪਾਰਟੀ ਦੇ ਆਗੂ ਦਾਰਾ ਸਿੰਘ ਮੁੰਡਾਪਿੰਡ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਇਰਾਨ ਨੇ ਨਾ ਕਿਸੇ ਹੋਰ ਦੇਸ਼ 'ਤੇ ਕਬਜ਼ਾ ਕੀਤਾ ਹੈ, ਨਾ ਕੋਈ ਹਮਲਾ, ਬਿਨਾਂ ਕਿਸੇ ਭੜਕਾਹਟ ਤੋਂ ਉਸ 'ਤੇ ਭਿਆਨਕ ਹਮਲਾ ਕਰਕੇ ਟਰੰਪ ਜੁੰਡਲੀ ਵਲੋਂ ਇਰਾਨ ਦੀ ਸਾਰੀ ਮੋਹਰੀ ਲੀਡਰਸ਼ਿਪ ਨੂੰ ਸ਼ਹੀਦ ਕਰ ਦੇਣਾ ਸ਼ਰੇਆਮ ਕੌਮਾਂਤਰੀ ਪੱਧਰ 'ਤੇ ਗੁੰਡਾਗਰਦੀ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਅਮਰੀਕਾ ਸੰਸਾਰ ਦੇ ਸਾਰੇ ਤੇਲ ਭੰਡਾਰਾਂ ਅਤੇ ਹੋਰ ਕੁਦਰਤੀ ਸਰੋਤਾਂ ਉਤੇ ਕਬਜ਼ਾ ਕਰਨ ਦੀ ਲੁਟੇਰੀ ਸਾਮਰਾਜੀ ਨੀਤੀ ਉੱਤੇ ਚੱਲ ਰਿਹਾ ਹੈ | ਉਹ ਪਹਿਲਾਂ ਹੀ ਇਰਾਕ, ਲਿਬੀਆ, ਸੀਰੀਆ ਤੇ ਵੇਨੇਜ਼ੁਏਲਾ ਨੂੰ ਲੁੱਟ ਰਿਹਾ ਹੈ | ਇਰਾਨ 'ਤੇ ਵੀ ਬਿਨਾਂ ਕਿਸੇ ਭੜਕਾਹਟ ਦੇ ਟਰੰਪ ਨੇ ਉਸ ਦਾ ਤੇਲ ਲੁੱਟਣ ਤੇ ਉਥੇ ਆਪਣੀ ਸਰਕਾਰ ਬਣਾਉਣ ਦੇ ਉਦੇਸ਼ ਨਾਲ ਹੀ ਹਮਲਾ ਕੀਤਾ ਹੈ | ਜੇਕਰ ਦੁਨੀਆਂ ਦੀ ਇਨਸਾਫਪਸੰਦ ਜਨਤਾ ਅਤੇ ਸਰਕਾਰਾਂ ਨੇ ਉਸ ਦਾ ਮੂੰਹ ਨਾ ਭੰਨਿਆ ਤਾਂ ਬਿਨਾਂ ਸ਼ੱਕ ਟਰੰਪ ਕਿਊਬਾ ਨੂੰ ਅਗਲਾ ਨਿਸ਼ਾਨਾ ਬਣਾਵੇਗਾ | ਘਣੀ ਸ਼ਾਮ ਨਿੱਕੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਕੁਝ ਦਿਨ ਪਹਿਲਾਂ ਹੀ ਗਾਜ਼ਾ ਵਿਚ 70 ਹਜ਼ਾਰ ਤੋਂ ਵੱਧ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਨੇਤਨਯਾਹੂ ਨਾਲ ਜੱਫੀਆਂ ਪਾਉਣ ਦੀ ਸਖ਼ਤ ਆਲੋਚਨਾ ਕੀਤੀ | ਪੰਡੋਰੀ ਨੇ ਕਿਹਾ ਕਿ ਸ਼ਹੀਦ ਖਾਮਨੇਈ ਸਿਰਫ਼ ਇਰਾਨ ਦਾ ਨਹੀਂ ਸੀ, ਉਹ ਸੰਸਾਰ ਭਰ ਦੇ ਸ਼ੀਆ ਮੁਸਲਮਾਨਾਂ ਦਾ ਇਕ ਸਤਿਕਾਰਤ ਧਾਰਮਿਕ ਆਗੂ ਸੀ | ਇਜ਼ਰਾਈਲ ਅਮਰੀਕਾ ਨੂੰ ਉਨ੍ਹਾਂ ਦੀ ਜਾਨ ਲੈਣ ਦੀ ਵੱਡੀ ਕੀਮਤ ਤਾਰਨੀ ਪਵੇਗੀ | ਇਸ ਮੌਕੇ ਪਾਰਟੀ ਦੇ ਸਰਗਰਮ ਵਰਕਰ ਹਾਜ਼ਰ ਸਨ |