ਭਿੱਖੀਵਿੰਡ, 5 ਮਾਰਚ (ਬੌਬੀ)-ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਵਲੋਂ ਖੇਤੀਬਾੜੀ ਵਿਭਾਗ ਤਰਨ ਤਾਰਨ ਦੀ ਆਤਮਾ ਸਕੀਮ ਅਧੀਨ ਪਿੰਡ ਮਾੜੀ ਗੌੜ ਸਿੰਘ ਵਿਖੇ ਦਲਜੀਤ ਸਿੰਘ ਗਿੱਲ ਦੇ ਫਾਰਮ ਤੇ ਦੁਧਾਰੂ ਪਸ਼ੂਆਂ ਲਈ ਉੱਚ ਗੁਣਵੱਤਾ ਵਾਲਾ ਮੱਕੀ ਦਾ ਅਚਾਰ ਬਣਾਉਣ ਸੰਬੰਧੀ ਕਿਸਾਨ ਖੇਤ ਸਕੂਲ ਦੀ ਸ਼ੁਰੂਆਤ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਪ੍ਰਭਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਬੂਹ ਨੇ ਦੱਸਿਆ ਕਿ ਦਲਜੀਤ ਸਿੰਘ ਗਿੱਲ, ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਅਗਾਂਹਵਧੂ ਪਸ਼ੂ ਪਾਲਕ ਹਨ ਅਤੇ ਹਰ ਸਾਲ ਦੁਧਾਰੂ ਪਸ਼ੂਆਂ ਲਈ ਉੱਚ ਗੁਣਵੱਤਾ ਵਾਲਾ ਮੱਕੀ ਦਾ ਅਚਾਰ ਬਣਾਉਂਦੇ ਹਨ, ਉਨ੍ਹਾਂ ਦੇ ਖੇਤ ਤੇ ਅੱਜ ਕਿਸਾਨ ਖੇਤ ਸਕੂਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਥੇ ਕਿਸਾਨ ਵੀਰਾਂ ਨੂੰ ਆਉਣ ਵਾਲੇ ਦਿਨਾਂ ਵਿਚ ਮੱਕੀ ਦਾ ਉੱਚ ਗੁਣਵੱਤਾ ਵਾਲਾ ਅਚਾਰ ਬਣਾਉਣ ਸੰਬੰਧੀ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਡਾ. ਨਵਜੋਤ ਸਿੰਘ ਬਰਾੜ ਵਲੋਂ ਉੱਚ ਗੁਣਵੱਤਾ ਵਾਲਾ ਅਚਾਰ ਬਣਾਉਣ ਲਈ ਬਹਾਰ ਰੁੱਤ ਦੀ ਮੱਕੀ ਦੀ ਸੁਚੱਜੀ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇੇ ਕਿਹਾ ਕਿ ਅਚਾਰ ਦੀ ਗੁਣਵੱਤਾ ਤਾਂ ਹੀ ਸਹੀ ਬਣੁਗੀ ਜੇਕਰ ਮੱਕੀ ਦੀ ਫਸਲ ਨਰੋਈ, ਨਦੀਨਾਂ, ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇਗੀ | ਇਸ ਮੌਕੇ ਕਿਸਾਨ ਸੇਵਾ ਸਲਾਹਕਾਰ ਕੇਂਦਰ ਤੋਂ ਆਏ ਹੋਏ ਡਾ. ਪਰਵਿੰਦਰ ਸਿੰਘ. ਡਾ. ਪ੍ਰਭਜਿੰਦਰ ਸਿੰਘ ਮਾਨ, ਪਸ਼ੂ ਪਾਲਣ ਵਿਭਾਗ ਤਰਨ ਤਾਰਨ ਤੋਂ ਆਏ ਹੋਏ ਡਾ. ਕਿਰਪਾਲ ਸਿੰਘ ਨੇ ਵੱਖ ਵੱਖ ਜਾਣਕਾਰੀ ਸਾਂਝੀ ਕੀਤੀ | ਅੰਤ ਵਿਚ ਦਲਜੀਤ ਸਿੰਘ ਗਿੱਲ ਅਤੇ ਹੋਰ ਕਿਸਾਨ ਵੀਰਾਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |