ਅੰਮਿ੍ਤਸਰ, 5 ਮਾਰਚ (ਜਸਵੰਤ ਸਿੰਘ ਜੱਸ)-ਸਦੀਆਂ ਤੋਂ ਚਲੀ ਆ ਰਹੀ ਪੁਰਾਤਨ ਪੰਥਕ ਰਵਾਇਤ ਅਨੁਸਾਰ ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਅਤੇ ਦੂਰੋਂ ਨੇੜਿਓਾ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਪਾਲਕੀ ਸਾਹਿਬ 'ਚ ਬਿਰਾਜਮਾਨ ਕਰਕੇ ਸ੍ਰੀ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਜਾਏ ਜਾਣ ਸਮੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਅਤੇ ਪਾਲਕੀ ਸਾਹਿਬ 'ਤੇ ਗੁਲਾਬ ਤੇ ਹੋਰ ਰੰਗ ਬਿਰੰਗੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕਰਕੇ ਸ਼ਰਧਾ ਤੇ ਉਤਸ਼ਾਹ ਸਹਿਤ ਹੋਲਾ ਮਨਾਇਆ | ਰਾਤ ਕਰੀਬ 10.15 ਵਜੇ ਫੁੱਲਾਂ ਨਾਲ ਸ਼ਿੰਗਾਰੀ ਸੁਨਹਿਰੀ ਪਾਲਕੀ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁੱਖ ਆਸਨ ਲਈ ਗ੍ਰੰਥੀ ਸਿੰਘ ਗਿਆਨੀ ਪਰਵਿਦਰਪਾਲ ਸਿੰਘ ਸੰਗਤਾਂ ਸਮੇਤ ਅਕਾਲ ਤਖ਼ਤ ਸਾਹਿਬ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਦਰਸ਼ਨੀ ਡਿਓੜੀ ਦੇ ਅੰਦਰ ਅਤੇ ਬਾਹਰ ਘੰਟਿਆਂਬੱਧੀ ਇੰਤਜ਼ਾਰ ਕਰ ਰਹੇ ਲੱਖਾਂ ਸੰਗਤਾਂ ਨੇ ਪਾਲਕੀ ਸਾਹਿਬ 'ਤੇ ਸੂਹੇ ਗੁਲਾਬ ਦੀਆਂ ਪੰਖੜੀਆਂ ਅਤੇ ਵੱਖ-ਵੱਖ ਰੰਗਾਂ ਤੇ ਕਿਸਮਾਂ ਦੇ ਮਹਿਮਾਂ ਬਿਖੇਰਦੇ ਤਾਜ਼ੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕਰਦਿਆਂ ਨਰਸਿੰਙਿਆਂ ਦੀ ਵਿਸਮਾਦੀ ਗੂੰਜ, ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾਉਂਦਿਆਂ ਗੁਰੂ ਘਰ ਦੇ ਅਧਿਆਤਮਿਕ ਵਾਤਾਵਰਨ ਨੂੰ ਹੋਰ ਰੂਹਾਨੀਅਤ ਦੇ ਰੰਗ ਵਿਚ ਰੰਗ ਦਿੱਤਾ | ਇਸ ਵਾਰ ਸਿੰਘ ਸਾਹਿਬਾਨ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਵਲੋਂ ਕੀਤੀਆਂ ਅਪੀਲਾਂ ਕਾਰਨ ਸ਼ਰਧਾਲੂਆਂ ਨੇ ਅਲਕੋਹਲ ਯੁਕਤ ਤੇ ਮਹਿੰਗੇ ਪ੍ਰਫਿਊਮ-ਇਤਰ ਆਦਿ ਦਾ ਛਿੜਕਾਅ ਕਰਨ ਤੋਂ ਗੁਰੇਜ ਕੀਤਾ ਤੇ ਸ਼ਰਧਾਲੂ ਸੂਹੇ ਗੁਲਾਬ ਤੇ ਹੋਰ ਫੁੱਲ ਲੈ ਕੇ ਹੀ ਮਹੱਲਾ ਮਨਾਉਣ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸਨ | ਸਥਾਨਕ ਸੰਗਤਾਂ ਤੋਂ ਇਲਾਵਾ ਕੋਹਲਾਪੁਰ ਮਹਾਂਰਾਸ਼ਟਰਾ, ਦਿੱਲੀ ਅਤੇ ਫਰੀਦਾਬਾਦ ਸਮੇਤ ਹੋਰਨਾਂ ਸ਼ਹਿਰਾਂ ਤੋਂ ਆਏ ਸ਼ਰਧਾਲੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਵਰਖਾ ਕਰਦਿਆਂ ਹੋਲਾ ਮਹੱਲਾ ਮਨਾਉਣ ਦਾ ਇਹ ਅਲੌਕਿਕ ਨਜ਼ਾਰਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਤੇ ਇਨ੍ਹਾਂ ਪਲਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ | ਇਸ ਮੌਕੇ ਮੁੱਖ ਮੈਨੇਜਰ ਧੰਗੇੜਾ ਤੋਂ ਇਲਾਵਾ ਮੈਨੇਜਰ ਜਸਪਾਲ ਸਿੰਘ ਢੱਡੇ, ਭਾਈ ਸਵਿੰਦਰਪਾਲ ਸਿੰਘ ਤੇ ਜਗਦੀਸ਼ ਸਿੰਘ ਵਾਲੀਆ ਆਦਿ ਵੀ ਹਾਜ਼ਰ ਸਨ |