ਅੰਮਿ੍ਤਸਰ, 10 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੁਅਲ ਐਂਡ ਪਰਫਾਰਮਿੰਗ ਆਰਟਸ ਵਿਭਾਗ 'ਚ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਅਗਵਾਈ ਹੇਠ ਭਾਰਤੀ ਸ਼ਾਸਤਰੀ ਸੰਗੀਤ ਦੀ ਪ੍ਰਸਿੱਧ ਹਸਤੀ ਵਿਦੂਸ਼ੀ ਸ਼ਾਲਮਲੀ ਜੋਸ਼ੀ ਦਾ ਇਕ ਲੈਕਚਰ-ਕਮ-ਡੈਮੋਨਸਟ੍ਰੇਸ਼ਨ ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਡਾ. ਸਰੋਜ ਅਰੋੜਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਵਿਦੂਸ਼ੀ ਸ਼ਾਲਮਲੀ ਜੋਸ਼ੀ ਵਲੋਂ 'ਜੋੜ ਰਾਗਾਂ ਦੀ ਸੰਰਚਨਾ ਅਤੇ ਉਸ ਦੇ ਸੌਂਦਰਯ' ਵਿਸ਼ੇ 'ਤੇ ਲੈਕਚਰ-ਕਮ-ਡੈਮੋਨਸਟ੍ਰੇਸ਼ਨ ਵਿਦਿਆਰਥੀਆਂ ਦੇ ਸਨਮੁੱਖ ਪੇਸ਼ ਕਰਨ ਮਗਰੋਂ ਜੋੜ ਰਾਗਾਂ 'ਚ ਬੰਦਿਸ਼ਾਂ ਦਾ ਸੁੰਦਰ ਗਾਇਨ ਦੀ ਪੇਸ਼ਕਾਰੀ ਵੀ ਦਿੱਤੀ | ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਸਤੁਤੀ ਦੀ ਵਿਧੀ ਸਮਝਾਈ ਅਤੇ ਅੰਤ 'ਚ ਰਾਜਸਥਾਨੀ ਲੋਕ ਗੀਤ ਕੇਸਰੀਆ ਬਾਲਮ ਦਾ ਗਾਇਨ ਪੇਸ਼ ਕੀਤਾ | ਉਨ੍ਹਾਂ ਦੇ ਨਾਲ ਵਿਭਾਗ ਦੇ ਅਧਿਆਪਕ ਗੁਨਵੀਰ ਸਿੰਘ ਨੇ ਤਬਲਾ, ਖੋਜਾਰਥੀ ਹਰਸਿਮਰਨ ਸਿੰਘ ਨੇ ਹਾਰਮੋਨੀਅਮ ਅਤੇ ਵਿਦਿਆਰਥੀ ਸੰਗਮ ਨੇ ਤਾਨਪੁਰੇ ਨਾਲ ਸੰਗਤ ਕੀਤੀ | ਅੰਤ 'ਚ ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਵਕਤਾ ਨੂੰ ਸਮਰਿਤੀ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਪੰਜਾਬੀ ਵਿਭਾਗ ਦੇ ਡਾ. ਮੇਘਾ ਸਲਵਾਨ, ਉਰਦੂ ਵਿਭਾਗ ਦੇ ਮੁਖੀ ਡਾ. ਰਿਹਾਨ ਹੱਸਨ, ਡਾ. ਸ਼ੁਪ੍ਰੀਤ ਸਿੰਘ, ਡਾ. ਪਿ੍ਅੰਕਾ ਅਰੋੜਾ, ਡਾ. ਰਮਨਦੀਪ ਕੌਰ, ਡਾ. ਹਰਮੀਤ ਸਿੰਘ, ਹਰਜਿੰਦਰ ਸਿੰਘ, ਸਿਧਾਰਥ ਚੈਟਰਜੀ, ਗੌਰਵ ਕੋਹਲ਼ੀ, ਡਾ. ਗੀਤੂ ਬਾਲਾ, ਪੂਜਾ ਆਦਿ ਹਾਜ਼ਰ ਸਨ |