ਅੰਮਿ੍ਤਸਰ, 10 ਮਾਰਚ (ਰੇਸ਼ਮ ਸਿੰਘ)-ਲਾਪਤਾ ਫੋਨ ਗੁਆਚਣ 'ਤੇ ਨਿਰਾਸ਼ ਹੋਏ ਲੋਕਾਂ ਦੀ ਆਸ ਅੱਜ ਉਸ ਵੇਲੇ ਬੱਝ ਗਈ ਜਦੋਂ ਕਿ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਵਲੋਂ ਆਮ ਨਾਗਰਿਕਾਂ ਦੇ ਗੁੰਮ ਹੋਏ 400 ਮੋਬਾਈਲ ਫੋਨਾਂ ਦਾ ਸਫਲਤਾਪੂਰਵਕ ਪਤਾ ਲਗਾ ਲਿਆ ਗਿਆ ਅਤੇ ਇਹ ਫੋਨ ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਦੇ ਜ਼ਿਲਿ੍ਹਆਂ ਜਿਵੇਂ ਕਿ ਲੁਧਿਆਣਾ, ਜਲੰਧਰ ਅਤੇ ਅੰਮਿ੍ਤਸਰ ਦਿਹਾਤੀ ਤੋਂ ਬਰਾਮਦ ਕੀਤੇ ਜਾਣ ਉਪਰੰਤ ਅੱਜ ਪੱਤਰਕਾਰਾਂ ਦੀ ਹਾਜ਼ਰੀ 'ਚ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ | ਇਹ ਪ੍ਰਗਟਾਵਾ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਰਾਮਦ ਹੋਏ ਮੋਬਾਈਲ ਫੋਨਾਂ 'ਚ ਵੱਖ-ਵੱਖ ਬ੍ਰਾਂਡਾਂ ਦੇ 13 ਆਈਫੋਨ ਅਤੇ 387 ਐਂਡਰਾਇਡ ਫੋਨ ਆਦਿ ਮਹਿੰਗੇ ਮੋਬਾਈਲ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਅੰਦਾਜ਼ਨ ਕੁੱਲ ਕੀਮਤ ਲਗਭਗ 85 ਲੱਖ ਤੋਂ ਵੀ ਵਧੇਰੇ ਬਣਦੀ ਹੈ | ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਇਹ ਤੀਜੀ ਵੱਡੀ ਪਹਿਲ ਹੈ ਜਿਸ ਵਿਚ ਗੁੰਮ ਹੋਏ ਮੋਬਾਈਲ ਫੋਨਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਨਾਗਰਿਕਾਂ ਨੂੰ ਵਾਪਸ ਸੌਂਪੇ ਗਏ ਹਨ | ਇਸ ਤੋਂ ਪਹਿਲਾਂ, ਪਹਿਲੇ ਪੜਾਅ ਵਿਚ 100 ਮੋਬਾਈਲ ਫੋਨ ਅਤੇ ਦੂਜੇ ਪੜਾਅ ਵਿਚ 200 ਮੋਬਾਈਲ ਫੋਨ ਵਾਪਸ ਕੀਤੇ ਗਏ ਸਨ, ਜਦੋਂ ਕਿ ਹੁਣ 400 ਮੋਬਾਈਲ ਫੋਨ ਸਫਲਤਾਪੂਰਵਕ ਲੱਭੇ ਗਏ ਹਨ ਅਤੇ ਤੀਜੇ ਪੜਾਅ ਵਿਚ ਵਾਪਸ ਕੀਤੇ ਗਏ ਹਨ | ਉਨ੍ਹਾਂ ਆਮ ਜਨਤਾ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਵੀ ਕੋਈ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਝ ਕੇਂਦਰ ਵਿਚ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਹੈ | ਨਾਗਰਿਕਾਂ ਨੂੰ ਦੂਰਸੰਚਾਰ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ ਪੋਰਟਲ 'ਤੇ ਆਪਣੀ ਸ਼ਿਕਾਇਤ ਦਰਜ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਬਲੌਕ ਕਰਨ ਅਤੇ ਟਰੇਸ ਕਰਨ ਵਿਚ ਮਦਦ ਕਰਦਾ ਹੈ ਅਤੇ ਉਨ੍ਹਾਂ ਦੀ ਦੁਰਵਰਤੋਂ ਨੂੰ ਰੋਕਦਾ ਹੈ | ਇਸ ਮੌਕੇ ਡੀ.ਸੀ.ਪੀ. ਆਲਮ ਵਿਜੈ ਸਿੰਘ, ਏ.ਡੀ.ਸੀ.ਪੀ. ਪਰਵਿੰਦਰ ਕੌਰ, ਏ.ਸੀ.ਪੀ. ਲਖਵਿੰਦਰ ਸਿੰਘ ਕਲੇਰ ਆਦਿ ਅਧਿਕਾਰੀ ਹਾਜ਼ਰ ਸਨ |