ਝਬਾਲ, 8 ਅਪ੍ਰੈਲ (ਸਰਬਜੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਮਵਾਰ ਵਿੱਦਿਅਕ ਸੰਸਥਾ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਅਤੇ ਐਮ.ਐਮ.ਏ. ਲਾਇਨਜ਼ ਕਲੱਬ ਬਰਮਿੰਘਮ ਵਲੋਂ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੇ ਗਏ ਗੁਰਮਤਿ ਟ੍ਰੇਨਿੰਗ ਕੈਂਪ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਕਰਵਾਈ ਜਾ ਰਹੀ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਬੱਸਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਪ੍ਰਬੰਧਕਾਂ ਵਲੋਂ ਜਿੱਥੇ ਇਹ ਗੁਰਮਤਿ ਕੈਂਪ ਲਗਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਬੱਚਿਆਂ ਨੂੰ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਦੀਦਾਰੇ ਕਰਵਾਏ ਜਾ ਰਹੇ ਹਨ, ਜਿਸ ਲਈ ਇਨ੍ਹਾਂ ਨੂੰ ਇੱਥੋਂ ਰਵਾਨਾ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਡਾਇਰੈਕਟਰ (ਸਕੂਲਜ਼) ਮੈਡਮ ਸਤਵੰਤ ਕੌਰ, ਮੈਨੇਜ਼ਰ ਧਰਮਿੰਦਰ ਸਿੰਘ ਮਾਣੋਚਾਲ੍ਹ, ਪਿ੍ੰਸੀਪਲ ਡਾ. ਤਰਨਜੀਤ ਸਿੰਘ, ਪਿ੍ੰਸੀਪਲ ਮੈਡਮ ਜਗਰੂਪ ਕੌਰ, ਪਿ੍ੰਸੀਪਲ ਹਰਪ੍ਰੀਤ ਸਿੰਘ, ਪਿ੍ੰਸੀਪਲ ਪ੍ਰਭਜੀਤ ਸਿੰਘ ਅਤੇ ਹੋਰ ਵੀ ਮੁਹਤਬਰ ਆਗੂ ਅਤੇ ਪ੍ਰਬੰਧਕ ਹਾਜ਼ਰ ਸਨ |