ਚੋਹਲਾ ਸਾਹਿਬ, 8 ਅਪ੍ਰੈਲ (ਬਲਵਿੰਦਰ ਸਿੰਘ)-ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਤੇਜ਼ ਬਾਰਿਸ਼ ਨੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਾਧਾ ਕੀਤਾ ਹੋਇਆ ਹੈ, ਜਿਸਦੇ ਚੱਲਦਿਆਂ ਕਿਸਾਨਾਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ | 'ਅਜੀਤ' ਵਲੋਂ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਾਣਦੇ ਹੋਏ, ਇਹ ਗੱਲ ਸਾਹਮਣੇ ਆਈ ਹੈ ਕਿ ਇਸ ਖੇਤਰ ਦੇ ਕਿਸਾਨ ਜਿਨ੍ਹਾਂ ਦੀ ਬਹੁਤੀ ਜ਼ਮੀਨ ਦਰਿਆ ਬਿਆਸ ਦੇ ਨਾਲ ਲੱਗਦੀ ਹੈ, ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਚੱਲਦਿਆਂ ਆਪਣਾ ਟਾਈਮ ਪਾਸ ਕਰ ਰਹੇ ਸਨ ਅਤੇ ਹੁਣ ਦੁਬਾਰਾ ਕੁਦਰਤ ਦੀ ਕਰੋਪੀ ਹੁੰਦੀ ਨਜ਼ਰ ਆ ਰਹੀ ਹੈ, ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਤੇਜ ਬਾਰਿਸ਼ ਅਤੇ ਚੱਲ ਰਹੀ ਆ ਤੇਜ਼ ਹਵਾਵਾਂ ਕਾਰਨ ਇਸ ਇਲਾਕੇ ਵਿਚ ਬਹੁਤ ਸਾਰੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ | ਵਰੁਣਯੋਗ ਹੈ ਕਿ ਇਲਾਕਾ ਚੋਹਲਾ ਸਾਹਿਬ ਦੇ ਨਾਲ-ਨਾਲ ਦਰਜਨਾਂ ਪਿੰਡ ਅਜਿਹੇ ਹਨ ਜੋ ਦਰਿਆ ਬਿਆਸ ਦੇ ਮੰਡ ਖੇਤਰ ਦੇ ਨਾਲ ਲੱਗਦੇ ਹਨ ਅਤੇ ਪਿਛਲੇ ਸਮੇਂ ਦੌਰਾਨ ਦਰਿਆ ਬਿਆਸ ਵਿਚ ਆਏ ਪਾਣੀ ਕਾਰਨ ਜਿੱਥੇ ਝੋਨੇ ਦੀ ਫਸਲ ਤੇ ਹੋਰਾਂ ਫਸਲਾਂ ਦਾ ਭਾਰੀ ਨੁਕਸਾਨ ਹੋ ਜਾਣ ਕਰਕੇ ਇਸ ਇਲਾਕੇ ਦੇ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਟੁੱਟੇ ਹੋਏ ਮੰਦਹਾਲੀ ਵਿਚ ਰਹਿੰਦਿਆਂ ਆਪਣਾ ਟਾਈਮ ਪਾਸ ਕਰ ਰਹੇ ਸਨ ਅਤੇ ਹੁਣ ਨਵੀਂ ਮੁਸੀਬਤ ਦੇ ਆਉਣ ਕਾਰਨ ਕਿਸਾਨ ਮਾਯੂਸ ਨਜ਼ਰ ਆ ਰਹੇ ਹਨ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕੀਤਾ ਹੋਇਆ ਹੈ | ਹੁਣ ਜਦ ਕਣਕ ਦੀ ਫਸਲ ਨੂੰ ਵੱਢਣ ਦਾ ਸਮਾਂ ਆਇਆ ਸੀ ਤੇ ਤੇਜ਼ ਬਾਰਿਸ਼ ਕਰਕੇ ਉਨ੍ਹਾਂ ਦੇ ਬਹੁਤੇ ਖੇਤਾਂ ਵਿਚ ਲਗਪਗ ਦੋ ਤਿਹਾਈ ਹਿੱਸਾ ਫਸਲ ਹੇਠਾਂ ਨੂੰ ਝੁਕ ਗਈ ਹੈ, ਜਿਸ ਕਾਰਨ ਝਾੜ ਘੱਟ ਹੋਣ ਅਤੇ ਦਾਣਾ ਕਾਲਾ ਹੋਣ ਦਾ ਖਦਸਾ ਉਨ੍ਹਾਂ ਦੇ ਸਿਰ 'ਤੇ ਮੰਡਰਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚ ਆਪਣਾ ਟਾਈਮ ਪਾਸ ਕਰ ਰਹੇ ਸਨ ਅਤੇ ਹੁਣ ਦੁਬਾਰਾ ਕੁਦਰਤ ਉਨ੍ਹਾਂ 'ਤੇ ਕਹਿਰਵਾਨ ਹੋਈ ਨਜ਼ਰ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਸਿਰ ਪਈ ਕਰਜੇ ਦੀ ਪੰਡ ਹੋਰ ਭਾਰੀ ਹੁੰਦੀ ਨਜ਼ਰ ਆ ਰਹੀ ਹੈ | ਵੱਖ-ਵੱਖ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਦੀ ਮੰਡ ਖੇਤਰ ਵਾਲੀ ਜ਼ਮੀਨ ਵਿਚ ਪਹਿਲਾਂ ਹੀ ਖੇਤਾਂ ਵਿਚ ਰੇਤ ਦੇ ਭਰ ਜਾਣ ਕਾਰਨ ਇਲਾਕੇ ਦੇ ਬਹੁਤੇ ਕਿਸਾਨ ਮੰਡ ਖੇਤਰ ਵਿਚ ਕਣਕ ਦੀ ਫਸਲ ਦੀ ਬਜਾਈ ਵੀ ਨਹੀਂ ਕਰ ਸਕੇ ਅਤੇ ਜਿੰਨ੍ਹਾਂ ਕਿਸਾਨਾਂ ਨੇ ਮੰਡ ਖੇਤਰ ਵਿੱਚ ਬਜਾਈ ਕੀਤੀ ਹੋਈ ਸੀ, ਉਨ੍ਹਾਂ ਦੀ ਫਸਲ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ ਅਤੇ ਇਧਰ ਮਾਝੇ ਖੇਤਰ ਵਿਚ ਜਿਹੜੀ ਥੋੜੀ ਬਹੁਤੀ ਕਣਕ ਉਨ੍ਹਾਂ ਵਲੋਂ ਬੀਜੀ ਗਈ ਸੀ ਉਹ ਤੇਜ਼ ਬਾਰਿਸ਼ ਆ ਜਾਣ ਕਰਕੇ ਖਰਾਬ ਹੋ ਗਈ ਹੈ |