ਸੁਲਤਾਨਵਿੰਡ, 11 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਦੇ ਨਗਰ ਨਿਗਮ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ (ਸੁਲਤਾਨਵਿੰਡ ਪਿੰਡ ) ਜੋ ਕਿ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ, ਦੀ ਪਵਿੱਤਰਤਾ ਨੂੰ ਮੌਜੂਦਾ ਸਮੇਂ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ | ਮੇਨ ਬਾਜ਼ਾਰ ਦਾ ਸੀਵਰੇਜ ਲੰਮੇ ਸਮੇਂ ਤੋਂ ਬੰਦ ਪਿਆ ਹੋਣ ਕਾਰਨ ਗੰਦਾ ਅਤੇ ਬਦਬੂਦਾਰ ਪਾਣੀ ਸਿੱਧਾ ਗੁਰੂ ਘਰ ਦੇ ਲੰਗਰ ਹਾਲ ਵਿਚ ਦਾਖਲ ਹੋ ਰਿਹਾ ਹੈ, ਜਿਸ ਕਾਰਨ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਮੈਨੇਜਰ ਰਛਪਾਲ ਸਿੰਘ, ਹੈੱਡ ਗ੍ਰੰਥੀ ਵਿਜੇਪਾਲ ਸਿੰਘ, ਰਣਜੋਧ ਸਿੰਘ ਗ੍ਰੰਥੀ, ਸਟੋਰ ਕੀਪਰ ਰਣਜੋਧ ਸਿੰਘ, ਬੀਬੀ ਕੁਲਵਿੰਦਰ ਕੌਰ, ਗੁਰਸ਼ਿੰਦਰ ਕੌਰ, ਕੁਲਵਿੰਦਰ ਕੌਰ, ਪ੍ਰੀਤਮ ਕੌਰ, ਪ੍ਰਕਾਸ਼ ਕੌਰ ਭੂਆ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ, ਸੁਖਰਾਜ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਗੁਰਦੁਆਰਾ ਸਾਹਿਬ ਦੇ ਅੰਦਰ ਭਿਆਨਕ ਬਦਬੂ ਫੈਲੀ ਹੋਈ ਹੈ | ਪਾਣੀ ਵਿਚੋਂ ਪੈਦਾ ਹੋਏ ਕੀੜੇ-ਮਕੌੜੇ ਲੰਗਰ ਹਾਲ ਅਤੇ ਗਰਾਊਾਡ ਤੱਕ ਪਹੁੰਚ ਰਹੇ ਹਨ, ਜਿਸ ਨਾਲ ਲੰਗਰ ਤਿਆਰ ਕਰਨ ਵਿਚ ਅਤਿ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ | ਉਨ੍ਹਾਂ ਕਿਹਾ, ਜਿੱਥੇ ਸੰਗਤਾਂ ਦੇਸ਼-ਵਿਦੇਸ਼ ਤੋਂ ਗੁਰੂ ਘਰ ਨਤਮਸਤਕ ਹੋਣ ਆਉਂਦੀਆਂ ਹਨ, ਉੱਥੇ ਅਜਿਹੀ ਨਰਕ ਵਰਗੀ ਹਾਲਤ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾ ਰਹੀ ਹੈ | ਪ੍ਰਬੰਧਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਕਈ ਵਾਰ ਸੰਬੰਧਤ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਪ੍ਰਸ਼ਾਸਨ ਸਿਰਫ਼ ਲਾਰੇ ਲਾ ਰਿਹਾ ਹੈ | ਉਨ੍ਹਾਂ ਸਵਾਲ ਕੀਤਾ, ਜੇਕਰ ਇਕ ਇਤਿਹਾਸਕ ਅਸਥਾਨ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਅਣਗੌਲਿਆਂ ਕਰ ਰਿਹਾ ਹੈ, ਤਾਂ ਆਮ ਜਨਤਾ ਕਿਸੇ ਹੋਰ ਉਮੀਦ ਦੀ ਕਿਰਨ ਕਿੱਥੋਂ ਰੱਖੇ ਹੈਰਾਨੀਜਨਕ ਗੱਲ ਇਹ ਹੈ ਕਿ ਵਾਰਡ ਨੰਬਰ 37 ਦੀ ਕੌਂਸਲਰ ਬੀਬੀ ਦੇ ਭਰਾ ਜੋ ਵਾਰਡ ਨੰਬਰ 37 ਦੇ ਸਾਰੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਦੇ ਨੇ, ਇਸ ਗੰਭੀਰ ਮੁੱਦੇ 'ਤੇ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ, ਜੋ ਕਿ ਲੋਕ ਨੁਮਾਇੰਦਿਆਂ ਦੀ ਜਵਾਬਦੇਹੀ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ | ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਗਮ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸੰਗਤਾਂ ਵਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਜੰਗੀ ਪੱਧਰ 'ਤੇ ਸੀਵਰੇਜ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਗੁਰੂ ਘਰ ਦੀ ਪਵਿੱਤਰਤਾ ਬਣੀ ਰਹੇ |