ਝਬਾਲ, 11 ਅਪ੍ਰੈਲ (ਸੁਖਦੇਵ ਸਿੰਘ)-ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਨਸ਼ੇ ਨਾਲ ਅਕਾਲੀ ਦਲ ਦੀ ਵਜਾਰਤ ਵੇਲੇ ਪਿੰਡ ਸੋਹਲ ਵਿਖੇ ਲੱਖਾਂ ਦੀ ਲਾਗਤ ਨਾਲ ਬਣਾਏ ਗਏ ਸਿਹਤ ਕੇਂਦਰ ਦੀ ਇਮਾਰਤ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ | ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਸਿਹਤ ਕੇਂਦਰ ਦਾ ਨੀਂਹ ਪੱਥਰ ਅਕਾਲੀ ਸਰਕਾਰ ਦੇ ਵੇਲੇ 1975 ਵਿਚ ਕੈਬਨਿਟ ਮੰਤਰੀ ਆਤਮਾ ਸਿੰਘ ਨੇ ਰੱਖਿਆ ਸੀ | ਘਟੀਆਂ ਮਟੀਰੀਅਲ ਨਾਲ ਬਣੀ ਇਸ ਇਮਾਰਤ ਦੀਆਂ ਕੁਝ ਸਮੇਂ ਬਾਅਦ ਹੀ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ | ਜਿਸ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ ਆਪ ਨੂੰ ਅਸੁਰੱਖਿਆ ਮਹਿਸੂਸ ਕਰਦਿਆਂ ਖੰਡਰ ਬਣੀ ਇਮਾਰਤ ਨੂੰ ਛੱਡਕੇ ਪਿੰਡ ਦੇ ਪੰਚਾਇਤ ਘਰ ਵਿਚ ਬੈਠਣਾ ਸ਼ੁਰੂ ਕਰ ਦਿੱਤਾ | ਲੋਕ ਇਸ ਇਮਾਰਤ ਦੀਆਂ ਇੱਟਾਂ ਤੇ ਬੂਹੇ ਬਾਰੀਆਂ ਉਖੇੜ ਕੇ ਘਰਾਂ ਨੂੰ ਲੈ ਗਏ ਹਨ | ਖੰਡਰ ਬਣੀ ਇਮਾਰਤ ਇਸ ਵੇਲੇ ਪਸ਼ੂ ਪੰਛੀਆਂ ਦਾ ਰੈਣ ਬਸੇਰਾ ਅਤੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ | ਪਿੰਡ ਦੇ ਅਕਾਲੀ ਆਗੂ ਤੇ ਮਾਰਕੀਟ ਕਮੇਟੀ ਝਬਾਲ ਦੇ ਸਾਬਕਾ ਚੇਅਰਮੈਨ ਤੇਗਾ ਸਿੰਘ ਸੋਹਲ ਨੇ ਦੱਸਿਆ ਅਕਾਲੀ ਵਜਾਰਤ ਦੇ ਸਮੇਂ ਕੈਬਨਿਟ ਮੰਤਰੀ ਆਤਮਾ ਸਿੰਘ ਨੇ 1979 ਵਿਚ ਸਿਹਤ ਕੇਂਦਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਥੇ 15 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ | ਪਰ ਠੇਕੇਦਾਰ ਵਲੋਂ ਵਰਤੇ ਗਏ ਘਟੀਆਂ ਮਟੀਰੀਅਲ ਕਰਕੇ ਕੁਝ ਸਮੇਂ ਬਾਅਦ ਹੀ ਇਹ ਇਮਾਰਤ ਢਹਿ ਢੇਰੀ ਹੋਣੀ ਸ਼ੁਰੂ ਹੋ ਗਈ | ਉਨ੍ਹਾਂ ਦੱਸਿਆ ਕਿ ਇਸ ਸਿਹਤ ਕੇਂਦਰ ਦੀ ਹਾਲਤ ਸੁਧਾਰਨ ਲਈ ਅਨੇਕਾਂ ਵਾਰ ਹੀ ਸਮੇਂ ਸਮੇਂ ਦੀਆਂ ਸਰਕਾਰਾ ਨਾਲ ਤਾਲਮੇਲ ਕੀਤਾ ਜਾਂਦਾ ਰਿਹਾ ਪਰ ਕੋਈ ਫਾਇਦਾ ਨਹੀਂ ਹੋਇਆ | ਉਨਾਂ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਿਹਤ ਕੇਂਦਰ ਦੀ ਹਾਲਤ ਸੁਧਾਰਨ ਦੀ ਬਜਾਏ, ਮੌਜੂਦਾ ਸਰਕਾਰ ਵਲੋਂ ਆਮ ਆਦਮੀ ਕਲੀਨਿਕ ਖੋਲ੍ਹਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ | ਪਿੰਡ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲਾ ਨੇ ਕਿਹਾ ਕਿ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਵਾਜਰਤ ਵਿਚ ਕੈਬਨਿਟ ਮੰਤਰੀ ਬਣੇ ਬਲਕਾਰ ਸਿੰਘ ਸੋਹਲ ਅਤੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਜੱਦੀ ਪਿੰਡ ਹੋਣ ਕਰਕੇ ਪਿੰਡ ਵਾਸੀਆਂ ਨੂੰ ਪਿੰਡ ਦੇ ਵਿਕਾਸ ਦੀ ਆਸ ਬੱਝੀ ਸੀ ਪਰ ਉਨ੍ਹਾਂ ਨੇ ਇਸ ਖ਼ਸਤਾ ਹਾਲਤ ਇਮਾਰਤ ਨੂੰ ਸੁਧਾਰਨ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ |