ਭਿੱਖੀਵਿੰਡ, 11 ਅਪ੍ਰੈਲ (ਬੌਬੀ)-ਬੇਰੁਜ਼ਗਾਰ ਸਾਂਝਾ ਮੋਰਚਾ ਤਰਨ ਤਾਰਨ ਦੀ ਇਕੱਤਰਤਾ ਭਿੱਖੀਵਿੰਡ ਵਿਖੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਹੋਈ | ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਲਗਪਗ ਚਾਰ ਸਾਲਾਂ ਦੌਰਾਨ ਇਕ ਵੀ ਭਰਤੀ ਸਿੱਖਿਆ ਵਿਭਾਗ ਵਿਚ ਜਾਰੀ ਨਹੀਂ ਕੀਤੀ ਪਰ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰ ਰਹੀ ਹੈ | ਇਸ ਲਈ ਬੇਰੁਜ਼ਗਾਰਾਂ ਨੇ ਆਪਣੀਆਂ ਮੰਗਾਂ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਫੋਕੇ ਦਾਅਵਿਆਂ ਦੀ ਫੂਕ ਕੱਢਣ ਲਈ 25 ਦਸੰਬਰ ਤੋਂ ਸੰਗਰੂਰ ਡੀ.ਸੀ ਦਫਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਬੇਰੁਜ਼ਗਾਰਾਂ ਦੀ ਕਿਸੇ ਵੀ ਹੱਕੀ ਮੰਗ ਦਾ ਹੱਲ ਨਹੀਂ ਕੀਤਾ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲਿਆਂਵਾਲਾ, ਸੂਬਾ ਕਮੇਟੀ ਮੈਂਬਰ ਬਖਸ਼ੀਸ਼ ਸਿੰਘ ਅਤੇ ਖਜਾਨਚੀ ਕਰਨਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਸਿੱਖਿਆ ਵਿਭਾਗ ਅੰਦਰ ਨਰਸਰੀ, ਪ੍ਰਾਇਮਰੀ, ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫੈਸਰ ਪੱਧਰ ਤੱਕ ਦੀ ਇਕ ਵੀ ਨਵੀਂ ਅਸਾਮੀ ਜਾਰੀ ਨਹੀਂ ਕੀਤੀ ਉਲਟਾ ਪਿਛਲੀ ਸਰਕਾਰ ਮੌਕੇ ਦੀਆਂ ਜਾਰੀ ਅਸਾਮੀਆਂ ਜਿਨਾਂ ਵਿਚ ਲੈਕਚਰਾਰ 343 ਪੋਸਟਾਂ, ਪੀ.ਟੀ.ਆਈ ਅਧਿਆਪਕ 646 ਅਤੇ 2 ਹਜ਼ਾਰ ਪੀ.ਟੀ.ਆਈ. ਅਧਿਆਪਕ ਪੋਸਟਾਂ ਨੂੰ ਰੱਦ ਜਰੂਰ ਕੀਤਾ ਹੈ, ਜਿਸ ਕਾਰਨ ਬੇਰੁਜ਼ਗਾਰਾਂ ਵਿਚ ਭਰਵਾਂ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਜਸਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਮਨਦੀਪ ਕੌਰ, ਵਿਕਰਮਜੀਤ ਸਿੰਘ, ਅਮਨਦੀਪ ਕੌਰ, ਸਤਿੰਦਰ ਕੌਰ, ਸਿਮਰਜੀਤ ਸਿੰਘ, ਕੇਸ਼ਿਵ ਸ਼ਰਮਾ ਆਦਿ ਹਾਜ਼ਰ ਸਨ |