ਤਰਨ ਤਾਰਨ, 23 ਅਪ੍ਰੈਲ (ਹਰਿੰਦਰ ਸਿੰਘ)-ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਸਰਕਲ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਮਨਜੀਤ ਸਿੰਘ ਗੁਨੋਵਾਲ਼ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਕਲ ਆਗੂਆਂ, ਵੱਖ-ਵੱਖ ਡਵੀਜਨਾਂ ਦੇ ਆਗੂ ਸਾਥੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਕੁਲਵਿੰਦਰ ਸਿੰਘ ਬਾਗੜੀਆਂ ਐੱਸ.ਡੀ.ਓ. ਦੇ ਸੂਬਾ ਮੀਤ ਪ੍ਰਧਾਨ ਚੁਣੇ ਜਾਣ 'ਤੇ ਸਬ ਅਰਬਨ ਮੰਡਲ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਆਗੂ ਸਾਥੀਆਂ ਨੇ ਬੋਲਦਿਆਂ ਪਾਵਰਕਾਮ ਦੀ ਮੈਨਜਮੈਂਟ, ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਮਾਏਦਾਰ ਪੱਖੀ ਸਰਕਾਰਾਂ ਦੇ ਕਿਰਤੀ, ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਦੇ ਪਾਜ਼ ਉਧੇ੍ਹੜਦਿਆਂ ਇਨ੍ਹਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਮੈਨਜਮੈਟ ਵਲੋਂ ਮੁਲਾਜ਼ਮਾਂ ਅਤੇ ਖਾਸ ਕਰਕੇ ਪੈਨਸ਼ਨਰਜ਼ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ | ਮੀਟਿੰਗ 'ਚ ਇਕ ਮਈ ਨੂੰ ਮਜ਼ਦੂਰ ਦਿਵਸ ਮੌਕੇ ਸਾਂਝੇ ਮੋਰਚੇ ਵਲੋਂ ਸਰਕਾਰ ਦੇ ਪਿੱਟ ਸਿਆਪੇ ਦੇ ਰੱਖੇ ਪ੍ਰੋਗਰਾਮ 'ਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ਸਰਕਲ ਸਕੱਤਰ ਨਰਿੰਦਰ ਸਿੰਘ ਬੇਦੀ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ |