ਗੋਇੰਦਵਾਲ ਸਾਹਿਬ, 5 ਮਈ (ਸਕੱਤਰ ਸਿੰਘ ਅਟਵਾਲ)-ਬੰਗਾਲ ਵਿਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਪਹਿਲੀ ਵਾਰ ਸਰਕਾਰ ਬਣਾਉਣ ਦੀ ਤਿਆਰੀ ਕਰ ਲਈ ਹੈ, ਇਸ ਜਿੱਤ ਪਿੱਛੇ ਬੰਗਾਲ ਦੇ ਲੋਕਾਂ ਵਲੋਂ ਆਪਣੇ ਰਾਜ ਦੇ ਵਿਕਾਸ ਤੇ ਅਮਨ ਸ਼ਾਂਤੀ ਲਈ ਭਾਜਪਾ ਨੂੰ ਚੁਣਨਾ ਅਤੇ ਭਾਜਪਾ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਉਣਾ ਮੁੱਖ ਕਾਰਨ ਰਿਹਾ ਹੈ | ਭਾਵੇਂ ਪੰਜਾਬ ਵਾਂਗ ਬੰਗਾਲ ਦੇ ਲੋਕਾਂ ਨੂੰ ਵੀ ਭਾਜਪਾ ਪ੍ਰਤੀ ਗਲਤ ਫਹਿਮੀਆਂ ਫੈਲਾਅ ਕੇ ਲੰਬੇ ਸਮੇਂ ਤੋਂ ਗੁੰਮਰਾਹ ਕੀਤਾ ਜਾ ਰਿਹਾ ਸੀ, ਪਰ ਆਖਿਰ ਉਨ੍ਹਾਂ ਨੇ ਅਸਲੀਅਤ ਨੂੰ ਸਮਝਦਿਆਂ ਭਾਜਪਾ ਦੇ ਹੱਕ ਵਿਚ ਵੋਟ ਕੀਤੀ | ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਲੀਡਰਸ਼ਿਪ ਅਤੇ ਵਰਕਰ ਜਿੰਨਾਂ ਨੇ ਮਿਹਨਤ ਕੀਤੀ ਹੈ ਸਭ ਵਧਾਈ ਦੇ ਹੱਕਦਾਰ ਹਨ | ਇਹ ਸ਼ਬਦ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਆਪਣੇ ਸਾਥੀ ਆਗੂਆਂ ਗੁਰਸਾਹਿਬ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਮਨਜੀਤ ਸਿੰਘ ਬਾਊ ਭੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਕੁਲਵੰਤ ਸਿੰਘ ਭੈਲ, ਸੁਖਵੰਤ ਸਿੰਘ ਟੀਟਾ ਜ਼ਿਲਾ ਸਕੱਤਰ, ਦਸਬਿੰਦਰ ਸਿੰਘ ਗੋਇੰਦਵਾਲ ਆਦਿ ਦੀ ਮੌਜੂਦਗੀ ਵਿਚ ਆਖੇ | ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਵਾਂਗ ਹੀ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਵੀ ਭਾਜਪਾ ਪ੍ਰਤੀ ਗਲਤ ਪ੍ਰਚਾਰ ਕਰਕੇ ਭਰਮ ਭੁਲੇਖੇ ਬਣਾਏ ਗਏ ਸਨ, ਜਿੰਨਾਂ ਨੂੰ ਹੁਣ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਗਏ ਹਨ ਅਤੇ 2027 ਦੀਆਂ ਚੋਣਾਂ ਵਿਚ ਭਾਜਪਾ ਦੀ ਪੰਜਾਬ ਵਿਚ ਸਰਕਾਰ ਬਣਾਉਣਗੇ | ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਤੇ ਪੰਜਾਬ ਵਿਚ ਲੁੱਟਾਂ ਖੋਹਾਂ ਅਤੇ ਕਤਲੋ ਗਾਰਦ ਨੂੰ ਜੇਕਰ ਕੋਈ ਰੋਕ ਸਕਦਾ ਹੈ ਤਾਂ ਉਹ ਭਾਜਪਾ ਹੀ ਹੈ, ਕਿਉਂਕਿ ਉੱਤਰ ਪ੍ਰਦੇਸ਼ ਦੀ ਉਦਾਹਰਣ ਸਾਡੇ ਸਾਹਮਣੇ ਹੈ ਕਿ ਕਿਵੇਂ ਭਾਜਪਾ ਸਰਕਾਰ ਨੇ ਉੱਥੇ ਅਮਨ ਕਨੂੰਨ ਦੀ ਸਥਿਤੀ ਸੁਧਾਰੀ ਤੇ ਕਿਵੇਂ ਉੱਥੇ ਜ਼ੋਰ-ਸ਼ੋਰ ਨਾਲ ਵਿਕਾਸ ਹੋਇਆ ਹੈ | ਇਸ ਮੌਕੇ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਭਾਜਪਾ ਦੀ ਮੁਹਿੰਮ ਤੇਜ਼ ਕਰਨ ਦੀ ਗੱਲ ਵੀ ਕੀਤੀ |