ਖੇਮਕਰਨ, 8 ਮਈ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ 'ਚ ਸਥਿਤ ਐਚ.ਡੀ.ਐਫ.ਸੀ. ਦੀ ਬੈਂਕ ਵਲੋਂ ਗਾਹਕਾਂ ਨੂੰ ਨਗਦੀ ਨਾ ਕਰਨ ਨੂੰ ਲੈ ਕੇ ਗ੍ਰਾਹਕਾਂ 'ਚ ਰੋਸ ਵੱਧਦਾ ਜਾ ਰਿਹਾ ਹੈ | ਪਿਛਲੇ ਕਈ ਦਿਨਾਂ ਤੋਂ ਗਾਹਕ ਨਗਦੀ ਨਾ ਮਿਲਣ ਦੇ ਦੋਸ਼ ਲਗਾ ਰਹੇ ਹਨ, ਜਿਸ ਨੂੰ ਲੈ ਕੇ ਅੱਜ ਬੈਂਕ ਦੀ ਬ੍ਰਾਂਚ ਦੇ ਅੱਗੇ ਪਿੰਡਾਂ ਦੇ ਵਾਸੀਆਂ ਤੇ ਆੜ੍ਹਤੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਬੈਂਕ ਦੇ ਮੈਨੇਜ਼ਰ ਖਿਲਾਫ਼ ਨਾਅਰੇਬਾਜੀ ਵੀ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇਮਕਰਨ ਦੇ ਆੜ੍ਹਤੀ ਪ੍ਰਦੀਪ ਕੁਮਾਰ ਬਜਾਜ, ਆੜ੍ਹਤੀ ਸੁਰਿੰਦਰ ਕੁਮਾਰ ਬਜਾਜ, ਆੜ੍ਹਤੀ ਬਲਦੇਵ ਕੁਮਾਰ, ਪਾਰਸ ਧਵਨ ਤੇ ਪ੍ਰਮਿੰਦਰ ਕੁਮਾਰ ਸਹਿਗਲ ਤੋਂ ਇਲਾਵਾ ਕਿਸਾਨਾਂ ਜਸਬੀਰ ਸਿੰਘ ਪਿੰਡ ਰੱਤੋਕੇ, ਹਰਪਾਲ ਸਿੰਘ ਖੇਮਕਰਨ, ਰਾਜੀਵ ਸ਼ਰਮਾ, ਬੋਹੜ ਸਿੰਘ ਭੂਰਾ ਕਰੀਮਪੁਰਾ ਤੇ ਬਲਵਿੰਦਰ ਸਿੰਘ ਮਨਾਵਾ, ਰਮਨ ਸ਼ਰਮਾ ਆਦਿ ਨੇ ਦੱਸਿਆ ਕਿ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਆਪਣੇ ਹੱਥਾਂ 'ਚ ਅਦਾਇਗੀ ਚੈੱਕ ਕੈਸ਼ ਕਰਾਉਣ ਲਈ ਲੈ ਕੇ ਬੈਂਕ 'ਚ ਗੇੜੇ ਰਹੇ ਹਨ, ਪਰ ਅਦਾਇਗੀ ਨਹੀਂ ਮਿਲ ਰਹੀ | ਬੈਂਕ ਵਾਲੇ ਹਰ ਰੋਜ ਸਾਨੂੰ ਲਾਈਨਾਂ 'ਚ ਲੱਗਣ ਦੌਰਾਨ ਜਵਾਬ ਦੇ ਰਹੇ ਹਨ ਕਿ ਬੈਂਕ 'ਚ ਪੈਸੇ ਨਹੀਂ ਆ ਰਹੇ, ਜਿਸ ਕਰਕੇ ਅਸੀਂ ਪੈਸੇ ਨਹੀਂ ਦੇ ਸਕਦੇ | ਗ੍ਰਾਹਕਾਂ ਨੇ ਅੱਗੇ ਦੱਸਿਆ ਕਿ ਇਸ ਬੈਂਕ 'ਚ ਪੈਸੇ ਕਾਫੀ ਆ ਰਹੇ ਹਨ, ਪਰ ਬੈਂਕ ਵਾਲੇ ਜਾਣ ਬੁੱਝ ਕੇ ਗ੍ਰਾਹਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਤਾਂ ਜੋ ਗ੍ਰਾਹਕ ਆਨ ਲਾਈਨ ਟਰਾਂਸਫਰ ਤੇ ਬੀਮੇ ਕਰਾਉਣ ਲਈ ਮਜ਼ਬੂਰ ਹੋਣ | ਇਨ੍ਹਾਂ ਗ੍ਰਾਹਕਾਂ ਨੇ ਬੈਂਕ ਵਾਲਿਆਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹ ਨਗਦੀ ਦੀ ਅਦਾਇਗੀ ਆਮ ਗਾਹਕਾਂ ਦੀ ਬਜਾਇ ਕੁਝ ਚਹੇਤੇ ਗਾਹਕਾਂ ਨੂੰ ਅੰਦਰ ਖਾਤੇ ਕਰ ਰਹੇ ਹਨ, ਜਿਹੜੇ ਬੈਂਕ ਦਾ ਬੀਮੇ ਕਰਵਾ ਰਹੇ ਹਨ | ਜਦ ਕਿ ਪਿੰਡਾਂ ਤੇ ਸ਼ਹਿਰ ਦੇ ਲੋਕ ਇਸ ਬੈਂਕ ਤੋਂ ਪਿਛਲੇ ਕਾਫ਼ੀ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਐਚ.ਡੀ.ਐਫ.ਸੀ. ਬ੍ਰਾਂਚ ਖੇਮਕਰਨ ਦੇ ਇਸ ਪੱਖਪਾਤੀ ਰਵੱਈਏ ਦੀ ਜਾਂਚ ਕਰਵਾ ਕੇ ਜਨਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ | ਇਸ ਦੇ ਨਾਲ ਪੈਸਿਟ ਦਾ ਜ਼ਿਆਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਖੇਤੀਬਾੜੀ ਦਾ ਸੀਜਨ ਹੈ | ਕਿਸਾਨਾਂ ਤੇ ਆੜ੍ਹਤੀਆਂ ਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੈ | ਇਸੇ ਦੌਰਾਨ ਬੈਂਕ ਦੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਸਥਿਤੀ ਸ਼ਪੱਸ਼ਟ ਕਰਦੇ ਹੋਏ ਦੱਸਿਆ ਕਿ ਬੈਂਕ 'ਚ ਪੈਸੇ ਪਿਛਲੇ ਦਿਨਾਂ ਤੋਂ ਬਹੁਤ ਘੱਟ ਆ ਰਹੇ ਹਨ, ਜਿਸ ਕਰਕੇ ਇਹ ਮੁਸ਼ਕਿਲਾਂ ਆ ਰਹੀਆਂ ਹਨ | ਬੈਂਕ ਵਲੋਂ ਕਿਸੇ ਗ੍ਰਾਹਕ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ | ਬੈਂਕ ਦੇ ਹੈੱਡ ਕੁਆਟਰ ਨੂੰ ਨਗਦ ਜ਼ਿਆਦਾ ਤੇ ਲੋੜ ਅਨੁਸਾਰ ਭੇਜਣ ਲਈ ਬੇਨਤੀ ਕੀਤੀ ਜਾ ਰਹੀ ਹੈ | ਅਗਲੇ ਹਫ਼ਤੇ ਤੋਂ ਸਥਿਤੀ ਆਮ ਹੋ ਜਾਵੇਗੀ |