ਚੋਹਲਾ ਸਾਹਿਬ, 8 ਮਈ (ਬਲਵਿੰਦਰ ਸਿੰਘ)-ਬਲਾਕ ਚੋਹਲਾ ਸਾਹਿਬ, ਬਲਾਕ ਪੱਟੀ ਅਤੇ ਬਲਾਕ ਨੌਸ਼ਹਿਰਾ ਪੰਨੂਆਂ ਦੇ ਸਾਰੇ ਮੈਡੀਕਲ ਪ੍ਰੈਕਟੀਸ਼ਨਰ 295 (ਆਰ.ਐੱਮ.ਪੀ. ਡਾਕਟਰ) ਦੀ ਮੀਟਿੰਗ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ ਅਤੇ ਸੂਬਾ ਸੈਕਟਰੀ ਦੀਦਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਹਾਜ਼ਰੀ ਭਰ ਕੇ ਭਖਦੇ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਬੱਬਾ ਤੇ ਪੱਟੀ ਬਲਾਕ ਦੇ ਪ੍ਰਧਾਨ ਸੁਖਰਾਜ ਸਿੰਘ ਲਾਲੀ ਅਤੇ ਚੋਹਲਾ ਸਾਹਿਬ ਦੇ ਪ੍ਰਧਾਨ ਡਾਕਟਰ ਰਤਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਈ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਦੀ ਰਜਿਸਟਰੇਸ਼ਨ ਦੀ ਮੰਗ ਜੋ ਕਈ ਸਾਲਾਂ ਤੋਂ ਚਲਦੀ ਆ ਰਹੀ ਹੈ, ਉਸ ਨੂੰ ਪੂਰਿਆਂ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਆਰ. ਐੱਮ. ਪੀ. ਡਾਕਟਰ ਜੋ ਪਿੰਡਾਂ ਵਿਚ ਘੱਟ ਪੈਸਿਆਂ ਲੈ ਕੇ ਗ਼ਰੀਬ ਤੇ ਲੋੜਵੰਦ ਵਿਅਕਤੀਆਂ ਦੀ ਡਾਕਟਰੀ ਸਹਾਇਤਾ ਕਰਦੇ ਹਨ, ਸਰਕਾਰ ਵਲੋਂ ਉਨ੍ਹਾਂ ਨੂੰ ਰਜਿਸਟਰਡ ਨਾ ਕੀਤੇ ਜਾਣਾ ਉਨ੍ਹਾਂ ਨਾਲ ਬਹੁਤ ਵੱਡਾ ਧੱਕਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਬਹੁਤੇ ਡਾਕਟਰਾਂ ਨੂੰ ਨਸ਼ਾ ਤਸਕਰਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਦਕਿ ਉਨ੍ਹਾਂ ਦੀ ਯੂਨੀਅਨ ਨਾਲ ਜੁੜੇ ਸਾਰੇ ਡਾਕਟਰ ਲੋਕ ਸੇਵਾ ਨੂੰ ਸਮਰਪਿਤ ਹਨ ਜੋ ਬਹੁਤ ਘੱਟ ਉਜਰਤ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰ ਅੰਦਾਜ਼ ਕਰਦੀ ਆ ਰਹੀ ਹੈ ਅਤੇ ਜੇਕਰ ਸਰਕਾਰ ਨੇ ਹੁਣ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਵਲੋਂ ਸੰਘਰਸ਼ ਨੂੰ ਹੋਰ ਤਿੱਖਿਆਂ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਸੂਬੇ ਦੇ ਮੀਤ ਸਕੱਤਰ ਡਾਕਟਰ ਬਲਜੀਤ ਸਿੰਘ ਛਾਪਾ, ਸੂਬਾ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਨਾਗੋਕੇ, ਡਾਕਟਰ ਪ੍ਰਦੀਪ ਸਿੰਘ ਪੰਡੋਰੀਸ ਪ੍ਰਧਾਨ ਖਡੂਰ ਸਾਹਿਬ ਗੁਰਜੀਤ ਸਿੰਘ ਟਾਂਡਾ, ਗੁਰਮੀਤ ਸਿੰਘ ਝਬਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਸੂਬਾ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ | ਮੌਕੇ 'ਤੇ ਹੀ ਸੂਬਾ ਕਮੇਟੀ ਵਲੋਂ ਪਛਾਣ ਪੱਤਰ ਤੇ ਬੋਰਡ ਮੈਂਬਰਾਂ ਨੂੰ ਵੰਡਿਆਂ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਸਪ੍ਰਤਾਪ ਸਿੰਘ ਦਦੇਹਰ ਸਾਹਿਬ, ਡਾਕਟਰ ਗੁਰਵਿੰਦਰ ਸਿੰਘ, ਡਾਕਟਰ ਰਾਮ ਸਿੰਘ, ਡਾਕਟਰ ਬਲਦੇਵ ਸਿੰਘ, ਡਾਕਟਰ ਮਨਜੀਤ ਸਿੰਘ, ਹਰਪਾਲ ਸਿੰਘ, ਬਲਦੇਵ ਸਿੰਘ ਮੰਡ ਡਾਕਟਰ, ਗੁਰਸੇਵ ਸਿੰਘ ਡਾਕਟਰ, ਅਮਰੀਕ ਸਿੰਘ ਡਾਕਟਰ, ਅਮਨਦੀਪ ਸਿੰਘ ਡਾਕਟਰ, ਬਲਕਾਰ ਸਿੰਘ ਸੁਹਾਵਾ, ਡਾ. ਜਸਬੀਰ ਸਿੰਘ ਚੋਹਲਾ ਸਾਹਿਬ, ਡਾ. ਤੇਜੀਬੀਰ ਸਿੰਘ, ਡਾਕਟਰ ਸੰਜੀਵ ਕੁਮਾਰ, ਡਾਕਟਰ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ | ਸਟੇਜ ਦੀ ਸੇਵਾ ਕੁਲਦੀਪ ਸਿੰਘ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ |