ਤਰਨ ਤਾਰਨ, 12 ਮਈ (ਇਕਬਾਲ ਸਿੰਘ ਸੋਢੀ)-ਪੰਜਾਬ ਰਾਜ ਦੇ ਚਲਾਨਾਂ ਦੀ ਬਕਾਇਆ ਰਾਸ਼ੀ ਰਿਕਵਰ ਕਰਨ ਲਈ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਤਰਨ ਤਾਰਨ ਕਪਿਲ ਜਿੰਦਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਬਕਾਇਆ ਟ੍ਰੈਫਿਕ ਚਲਾਨਾਂ ਦਾ ਆਨਲਾਈਨ ਜਾਂ ਦਫ਼ਤਰ ਪੇਸ਼ ਹੋ ਕੇ ਤੁਰੰਤ ਭੁਗਤਾਨ ਕਰਨ | ਅਜਿਹੇ 260 ਬਕਾਇਆ ਰਿਕਵਰੀ ਡਿਫਾਲਟਰ ਵਾਹਨਾਂ ਦੀ ਸੂਚੀ ਜਨਤਕ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਾਹਨਾਂ ਦੇ ਮਾਲਕਾਂ ਵਲੋਂ ਟ੍ਰੈਫਿਕ ਦੇ ਚਲਾਨਾਂ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਕਾਇਆ ਰਿਕਵਰੀ ਡਿਫਾਲਟਰਾਂ ਦੀ ਸੂਚੀ ਆਰ.ਟੀ.ਓ. ਤਰਨ ਤਾਰਨ ਦੇ ਦਫ਼ਤਰ ਵਿਖੇ ਵੇਖੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਵਾਹਨਾਂ ਖ਼ਿਲਾਫ਼ ਕਾਰਵਾਈ ਲਈ ਟਰਾਂਸਪੋਰਟ ਅਤੇ ਪੁਲਿਸ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਸੰਬੰਧਿਤ ਵਾਹਨ ਮਾਲਕਾਂ ਨੂੰ ਕਿਹਾ ਕਿ ਬਕਾਇਆ ਕਲੀਅਰ ਕਰਨ ਦਾ ਇਹ ਆਖ਼ਰੀ ਮੌਕਾ ਹੈ | ਇਸ ਲਈ ਉਹ ਕਾਨੂੰਨੀ ਕਾਰਵਾਈ ਅਤੇ ਜ਼ਬਤ ਦੀ ਕਾਰਵਾਈ ਤੋਂ ਬਚਣ ਲਈ ਤੁਰੰਤ ਪਾਲਣਾ ਨੂੰ ਯਕੀਨੀ ਬਣਾਉਣ |