ਪੱਟੀ, 12 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਟਰੈਫਿਕ ਦੀ ਸਮੱਸਿਆ ਦਿਨ ਬਾਅਦ ਦਿਨ ਗੰਭੀਰ ਹੋ ਰਹੀ ਹੈ, ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਜਾ ਰਿਹਾ | ਪੱਟੀ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਬਾਜ਼ਾਰਾਂ ਅਤੇ ਮੇਨ ਬਾਜ਼ਾਰ ਵਿਚ ਲੱਗਦੇ ਨਿੱਤ ਦੇ ਭਾਰੀ ਜਾਮ ਦਾ ਮੁੱਖ ਕਾਰਨ ਦੁਕਾਨਦਾਰਾਂ ਵਲੋਂ ਸੜਕ ਉੱਪਰ ਰੱਖੇ ਦੁਕਾਨਾਂ ਦੇ ਸਾਮਾਨ ਅਤੇ ਵੱਖ-ਵੱਖ ਚੀਜ਼ਾਂ ਦੀਆਂ ਲੱਗੀਆਂ ਸਥਾਈ ਰੇਹੜੀਆਂ ਹਨ, ਜਿਸ ਕਾਰਨ ਬਾਜ਼ਾਰ ਵਿਚ ਅਕਸਰ ਹੀ ਟਰੈਫਿਕ ਜਾਮ ਰਹਿੰਦਾ ਹੈ | ਖਾਸ ਕਰ ਬੱਸ ਸਟੈਂਡ ਦੇ ਨਜ਼ਦੀਕ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ | ਇਸ ਸੰਬੰਧੀ ਮੁੱਖ ਡਿਊਟੀ ਨਗਰ ਕੌਂਸਲ ਪੱਟੀ ਦੀ ਬਣਦੀ ਹੈ, ਜੋ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਦੂਜੇ ਪਾਸੇ ਬੀਤੇ ਦਿਨ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ 26 ਮਈ ਨੂੰ ਨਗਰ ਕੌਂਸਲ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਦੀ ਤਰੀਕ ਮਿਥ ਦਿੱਤੀ ਗਈ ਹੈ | ਇਸ ਚੋਣ ਵਿਚ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ, ਉੱਥੇ ਹੀ ਇਸ ਸਮੇਂ ਦੌਰਾਨ ਨਗਰ ਕੌਂਸਲ ਵਲੋਂ ਕੋਈ ਕਾਰਵਾਈ ਕਰਨੀ ਸੰਭਵ ਨਹੀਂ ਲੱਗ ਰਹੀ, ਕਿਉਂਕਿ ਚੋਣਾਂ ਦੇ ਦਿਨ ਆ ਗਏ ਹਨ | ਪੱਟੀ ਸ਼ਹਿਰ ਵਿਚ ਟਰੈਫਿਕ ਦੇ ਮੁਲਾਜ਼ਮ ਨਾ ਹੋਣ ਕਾਰਨ ਥਾਣਾ ਪੱਟੀ ਸਿਟੀ ਪੁਲਿਸ ਵਲੋਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਬਾਜ਼ਾਰ ਵਿਚ ਦੋਨਾਂ ਪਾਸੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਪੁਲਿਸ ਦੀਆਂ ਗੱਡੀਆਂ ਅਤੇ ਐਂਬੂਲੈਂਸ ਦਾ ਲੰਘਣਾ ਵੀ ਔਖਾ ਹੋ ਗਿਆ ਹੈ | ਪੱਟੀ ਸ਼ਹਿਰ ਵਾਸੀਆਂ ਦੀ ਐੱਸ.ਡੀ.ਐੱਮ. ਪੱਟੀ, ਜੋ ਕਿ ਨਗਰ ਕੌਂਸਲ ਪੱਟੀ ਦੇ ਪ੍ਰਬੰਧਕ ਵੀ ਹਨ, ਤੋਂ ਮੰਗ ਹੈ ਕਿ ਬਾਜ਼ਾਰਾਂ ਵਿਚ ਜੋ ਕੁਝ ਦੁਕਾਨਦਾਰਾਂ ਨੇ ਆਪਣੀ ਦੁਕਾਨ ਦਾ ਸਾਮਾਨ ਬਾਜ਼ਾਰ ਵਿਚ ਰੱਖ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਖਾਣ-ਪੀਣ ਵਾਲੇ ਸਾਮਾਨ ਦੀਆਂ ਰੇਹੜੀਆਂ ਆਪਣੀ ਦੁਕਾਨ ਦੇ ਅੱਗੇ ਲਗਵਾ ਕੇ ਉਨ੍ਹਾਂ ਤੋਂ ਮੋਟਾ ਕਿਰਾਇਆ ਵਸੂਲ ਰਹੇ ਹਨ, ਬਾਰੇ ਜ਼ਰੂਰ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਬਾਜ਼ਾਰ ਵਿਚ ਆਪਣੇ ਕੰਮ ਕਾਰ ਲਈ ਆਉਣਾ ਜਾਣਾ ਸੁਖਾਲਾ ਹੋ ਸਕੇ | ਇਸ ਦੇ ਨਾਲ ਹੀ ਸ਼ਹਿਰ ਨਿਵਾਸੀਆਂ ਦੀ ਡੀ.ਐਸ.ਪੀ. ਪੱਟੀ ਤੋਂ ਵੀ ਮੰਗ ਹੈ ਕਿ ਨਾਜਾਇਜ਼ ਕਬਜ਼ਿਆਂ ਵਿਰੁੱਧ ਸਖ਼ਤੀ ਨਾਲ ਮੁਹਿੰਮ ਚਲਾਈ ਜਾਵੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਜਦੋਂ ਐੱਸ.ਡੀ.ਐੱਮ. ਪੱਟੀ ਅਮਨਦੀਪ ਸਿੰਘ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ |