ਪੱਟੀ, 12 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਪੇਅਰ ਪਾਰਟ ਖਾਸ ਕਰਕੇ ਬੈਟਰੀਆਂ, ਟਾਇਰਾਂ, ਕਲੱਚ ਪਲੇਟਾਂ ਤੋਂ ਇਲਾਵਾ ਹੋਰ ਨਿੱਕੇ ਮੋਟੇ ਸਪੇਅਰ ਪਾਰਟ ਦੀ ਘਾਟ ਕਾਰਨ ਪੰਜਾਬ ਰੋਡਵੇਜ਼ ਪੱਟੀ ਡੀਪੂ ਦੀਆਂ ਪੰਦਰਾਂ ਤੋਂ ਵੀਹ ਬੱਸਾਂ ਰੋਜ਼ਾਨਾ ਵਰਕਸ਼ਾਪ ਵਿਚ ਹੀ ਖੜੀਆਂ ਰਹਿੰਦੀਆਂ ਹਨ, ਜਿਸ ਦੀ ਪੰਜਾਬ ਰੋਡਵੇਜ਼ ਅਧਿਕਾਰੀਆਂ ਨੂੰ ਕੋਈ ਚਿੰਤਾ ਨਹੀਂ | ਬੱਸਾਂ ਦੇ ਰੂਟ ਬੰਦ ਰਹਿਣ ਕਾਰਨ ਖਾਸ ਕਰਕੇ ਮਹਿਲਾ ਮੁਸਾਫਰਾਂ, ਜੋ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਮੁਫ਼ਤ ਬੱਸ ਸਫਰ ਸਹੂਲਤ ਤੋਂ ਵਾਂਝਾ ਰਹਿਣ ਕਾਰਨ ਪ੍ਰਾਈਵੇਟ ਟਰਾਂਸਪੋਰਟਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਅਤੇ ਪੰਜਾਬ ਰੋਡਵੇਜ ਪਨਬੱਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ 25/11 ਦੋਵਾਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨੂੰ (ਏਟਕ) ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਸਰਾਲੀ ਮੰਡ, ਡੀਪੂ ਦੇ ਜਨਰਲ ਸਕੱਤਰ ਜਰਨੈਲ ਸਿੰਘ, ਸੀਨਿਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਵਿੱਤ ਸਕੱਤਰ ਗੁਰਭੇਜ ਸਿੰਘ ਅਤੇ ਪਨਬੱਸ ਯੂਨੀਅਨ ਦੇ ਸੈਂਟਰ ਬਾਡੀ ਆਗੂ ਸਤਨਾਮ ਸਿੰਘ ਕੈਰੋਂ, ਡੀਪੂ ਦੇ ਪ੍ਰਧਾਨ ਵਜ਼ੀਰ ਸਿੰਘ ਜੌਣੇਕੇ, ਜਨਰਲ ਸਕੱਤਰ ਗੁਰਵਿੰਦਰ ਸਿੰਘ ਦੁੱਬਲੀ ਨੇ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਅਤੇ ਸਪੇਅਰ ਪਾਰਟ ਦੀ ਘਾਟ ਕਾਰਨ ਰੋਜ਼ਾਨਾ ਪੰਦਰਾਂ ਤੋਂ ਵੀਹ ਬੱਸਾਂ ਰੂਟਾਂ ਉੱਪਰ ਨਾ ਚੱਲਣ ਕਾਰਨ ਪ੍ਰਾਈਵੇਟ ਟਰਾਂਸਪੋਰਟਾਂ ਦੀ ਚਾਂਦੀ ਹੋ ਰਹੀ ਹੈ | ਆਗੂਆਂ ਦੱਸਿਆ ਕਿ ਸਾਡੇ ਡੀਪੂ ਜਿੰਨੀ ਸਮਰੱਥਾ ਰੱਖਦੇ ਦੂਸਰੇ ਡੀਪੂਆ ਤੋਂ ਅਸੀਂ ਸਪੇਅਰ ਪਾਰਟ ਦਾ ਸਾਮਾਨ ਲੈ ਕੇ ਵਰਤੋਂ ਕਰਦੇ ਹਾਂ, ਆਖਰ ਸਾਡੇ ਡੀਪੂ ਦਾ ਸਪੇਅਰ ਪਾਰਟ ਕਿੱਥੇ ਜਾਂਦਾ ਹੈ | ਆਗੂਆਂ ਕਿਹਾ ਇਥੇ ਹੀ ਬਸ ਨਹੀਂ ਨਵੀਆਂ ਬੱਸਾਂ ਵਿਚੋਂ ਇਕ ਬੱਸ ਨੰਬਰ 9432, ਜੋ ਸਾਇਲੰਸਰ ਅਤੇ ਮਿਕਸਿੰਗ ਆਦਿ ਨੁਕਸ ਕਾਰਨ 15 ਸਤੰਬਰ 2025 ਨੂੰ ਟਾਟਾ ਏਜੰਸੀ ਜੀਰਾ ਭੇਜੀ ਗਈ, ਜਿਸ ਨੂੰ ਸਾਢੇ ਸੱਤ ਮਹੀਨੇ ਬੀਤ ਜਾਣ ਉਪਰੰਤ ਪੱਟੀ ਡੀਪੂ ਅੰਦਰ ਵਾਪਸ ਆਉਣਾ ਨਸੀਬ ਨਹੀਂ ਹੋਇਆ | ਆਗੂਆਂ ਨੇ ਮੀਟਿੰਗ ਵਿਚ ਮੰਗ ਕੀਤੀ ਇਸ ਸਪੇਅਰ ਪਾਰਟ ਦਾ ਪ੍ਰਬੰਧ ਕਰਕੇ ਬੰਦ ਪਈਆਂ ਬੱਸਾਂ ਰੂਟਾਂ ਉੱਪਰ ਚਲਾਈਆਂ ਜਾਣ | ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜ਼ਮੈਂਟ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਆਰੰਭਿਆ ਜਾਵੇਗਾ | ਇਸ ਮੌਕੇ ਮਾਨਸਿਕੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਜੌਣੇਕੇ, ਸੁਖਦੇਵ ਸਿੰਘ, ਦਵਿੰਦਰ ਸਿੰਘ ਬੁਰਜ, ਬਚਿੱਤਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਆਗੂ ਹਾਜ਼ਰ ਸਨ |