ਤਰਨ ਤਾਰਨ, 14 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਸਰਹੱਦੀ ਖੇਤਰ ਖਾਲੜਾ ਵਿਖੇ ਬੀ.ਐੱਸ.ਐੱਫ ਅਤੇ ਖਾਲੜਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 2 ਡਰੋਨ ਅਤੇ 509 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐ ਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਐੱਸ.ਆਈ. ਪ੍ਰਦੀਪ ਸਿੰਘ ਡੱਲ ਮੌਜੂਦ ਸੀ ਕਿ ਬੀ.ਐੱਸ.ਐੱਫ 115 ਬਟਾਲੀਅਨ ਦੇ ਕੰਪਨੀ ਕਮਾਂਡਰ ਇੰਸਪੈਕਟਰ ਅਮਿਤ ਪ੍ਰਕਾਸ਼ ਸਿੰਘ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਬਲਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਡੱਲ ਦੇ ਖੇਤ ਵਿਚ ਇਕ ਪੈਕੇਟ ਪਿਆ ਹੋਇਆ ਹੈ ਅਤੇ ਨਾਲ ਇਕ ਡਰੋਨ ਹੈ ਤਾਂ ਤੁਰੰਤ ਉਹ ਪੁਲਿਸ ਮੁਲਾਜਮਾਂ ਨਾਲ ਉਥੇ ਪੁੱਜੇ ਅਤੇ ਖੇਤ ਵਿਚੋਂ ਪੈਕੇਟ ਅਤੇ ਡਰੋਨ ਬਰਾਮਦ ਕੀਤਾ | ਪੈਕੇਟ ਨੂੰ ਜਦੋਂ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ 23 ਕਾਰਤੂਸ ਸਮੇਤ 509 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਡੱਲ ਮੌਜੂਦ ਸਨ ਤਾਂ ਉਨ੍ਹਾਂ ਨੂੰ ਬੀ.ਐੱਸ.ਐ ਫ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਨੇ ਸੂਚਨਾ ਦਿੱਤੇ ਕਿ ਪਿੰਡ ਡੱਲ ਦੇ ਸੁੱਕੇ ਹੋਏ ਛੱਪੜ ਵਿਚ ਇਕ ਪੈਕੇਟ ਪਿਆ ਹੋਇਆ ਹੈ ਤਾਂ ਤੁਰੰਤ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਪੈਕੇਟ ਨੂੰ ਜਦੋਂ ਖੋਲ ਕੈ ਚੈਕ ਕੀਤਾ ਤਾਂ ਉਸ ਵਿਚੋਂ ਇਕ ਪਿਸਟਲ ਸਮੇਤ ਮੈੈਗਜੀਨ, 2 ਕਾਰਤੂਸ ਬਰਾਮਦ ਹੋਏ ਹਨ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਸਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਜਗਮੋਹਨ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਕਲਸੀਆਂ ਖੁਰਦ ਦੇ ਖੇਤ ਵਿਚ ਇਕ ਡਰੋਨ ਅਤੇ ਪੈਕੇਟ ਪਿਆ ਹੋਇਆ ਹੈ ਤਾਂ ਤੁਰੰਤ ਪੁਲਿਸ ਮੁਲਾਜਮਾਂ ਅਤੇ ਬੀ.ਐੱਸ.ਐੱਫ 115 ਬਟਾਲੀਅਨ ਦੇ ਕੰਪਨੀ ਕਮਾਂਡਰ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਅਤੇ ਖੇਤ ਵਿਚੋਂ ਇਕ ਡਰੋਨ ਅਤੇ ਪੈਕਟ ਬਰਾਮਦ ਹੋਇਆ ਹੈ | ਪੈਕੇਟ ਨੂੰ ਜਦੋਂ ਖੋਲ ਕੈ ਚੈਕ ਕੀਤਾ ਤਾਂ ਉਸ ਵਿਚੋਂ ਇਕ ਪਿਸਟਲ ਸਮੇਤ ਮੈਗਜੀਨ ਬਰਾਮਦ ਹੋਇਆ ਹੈ | ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਵਿਖੇ ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |