ਤਰਨ ਤਾਰਨ, 16 ਮਈ (ਹਰਿੰਦਰ ਸਿੰਘ) ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ, ਜ਼ਿਲ੍ਹਾ ਐਪੀਡਾਇਮੋਲੋਜਿਸਟ ਡਾ.ਰਾਘਵ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐੱਸ.ਐੱਮ.ਓ. ਝਬਾਲ ਡਾ.ਰਾਜੂ ਚੌਹਾਨ ਦੀ ਰਹਿਨੁਮਾਈ ਹੇਠ ਪਿੰਸੀਪਲ ਲਖਵਿੰਦਰ ਕੌਰ ਅਤੇ ਜਸਪਿੰਦਰ ਸਿੰਘ ਦੇ ਸਹਿਯੋਗ ਨਾਲ ਅਲਪਾਈਨ ਸਕੂਲ ਸੰਘੇ ਵਿਖੇ ਸੈਮੀਨਾਰ ਕੀਤਾ ਗਿਆ | ਸਿਵਲ ਸਰਜਨ ਦਫ਼ਤਰ ਤਰਨ ਤਾਰਨ ਤੋਂ ਆਏ ਰਜਵੰਤ ਸਿੰਘ ਬਾਗੜੀਆਂ ਨੇ ਨੈਸ਼ਨਲ ਡੇਂਗੂ ਦਿਵਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਬਰਸਾਤਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਏਡੀਜ ਐਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਹ ਮੱਛਰ ਕੂਲਰਾਂ, ਗਮਲਿਆਂ, ਟਾਇਰਾਂ, ਫਰਿਜਾਂ ਦੀਆਂ ਪਿਛਲੀਆਂ ਟ੍ਰੇਆਂ, ਟੁੱਟੇ ਹੋਏ ਭਾਂਡਿਆਂ ਵਿਚ ਖੜ੍ਹੇ ਪਾਣੀ ਵਿਚ ਪੈਂਦਾ ਹੁੰਦਾ ਹੈ | ਸਰਕਾਰ ਵਲੋਂ ਹਰ ਫਰਾਈਡੇ ਨੂੰ ਡਰਾਈ ਡੇ ਮਨਾਇਆ ਜਾਂਦਾ ਹੈ, ਇਸ ਦਿਨ ਸਾਨੂੰ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਪਿਛਲੀਆਂ ਟ੍ਰੇਨਾਂ, ਟੁੱਟੇ ਭਾਂਡਿਆਂ ਨੂੰ ਚੰਗੀ ਤਰਾਂ ਸਾਫ ਕਰਕੇ ਸੁਖਾ ਲੈਣਾ ਚਾਹੀਦਾ ਹੈ, ਸਾਨੂੰ ਇਨ੍ਹਾਂ ਦਿਨਾਂ ਵਿਚ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਸੌਣ ਵੇਲੇ ਮੱਛਰਦਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤਾੋ ਕਰਨੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਛੱਪੜਾਂ ਵਿਚ ਗੰਬੁਜੀਆਂ ਮੱਛੀ ਜਾਂ ਕਾਲਾ ਸੜਿਆ ਤੇਲ ਪਾ ਕੇ ਮੱਛਰਾਂ ਦੀ ਪੈਦਾਵਾਰ ਨੂੰ ੰ ਰੋਕਿਆ ਜਾ ਸਕਦਾ ਹੈ | ਸੈਮੀਨਾਰ ਦੌਰਾਨ ਗੁਰਵਿੰਦਰ ਸਿੰਘ ਭੋਜੀਆਂ ਹੈਲਥ ਸੁਪਰਵਾਈਜ਼ਰ ਦੱਸਿਆ ਕਿ ਅਸੀਂ ਇਹ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ | ਇਸ ਮੌਕੇ ਸਕੂਲ ਅਧਿਆਪਕ ਮਨਜੀਤ ਕੌਰ, ਰਮਨਦੀਪ ਕੌਰ, ਪਰਮਿੰਦਰ ਸਿੰਘ, ਪ੍ਰਵੀਨ, ਮਨਪ੍ਰੀਤ ਕੌਰ ਅਤੇ ਸਿਹਤ ਵਿਭਾਗ ਤੋਂ ਜੀਵਨਜੋਤ ਸਿੰਘ ਸੀ.ਐੱਚ.ਓ. ਅਤੇ ਅਮਨਦੀਪ ਸਿੰਘ ਪੱਖੋਕੇ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ |