ਖਡੂਰ ਸਹਿਬ, 27 ਮਈ (ਰਸ਼ਪਾਲ ਸਿੰਘ ਕੁਲਾਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵਲੋਂ ਪੈਟਰੋਲ, ਡੀਜਲ, ਗੈਸ, ਖਾਦਾਂ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਕਾਰਨ ਵੱਧ ਰਹੀ ਮਹਿੰਗਾਈ ਖਿਲਾਫ਼ ਮੇਨ ਬਾਜ਼ਾਰ ਚੌਂਕ ਵਿਚ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸਨ ਕੀਤਾ | ਗੈਸ ਸਿਲੰਡਰ ਰੱਖ ਕੇ, ਹੱਥਾਂ ਵਿਚ ਤਖਤੀਆਂ ਫੜੀ ਘੰਟਿਆਂਬੱਧੀ ਭਾਰੀ ਗਰਮੀ ਦੌਰਾਨ ਦਰਜਨਾਂ ਲੋਕ ਸੜਕ ਕਿਨਾਰੇ ਖੜੇ ਰਹੇ | ਇਸ ਦੀ ਅਗਵਾਈ ਪਾਰਟੀ ਦੇ ਤਹਿਸੀਲ ਸਕੱਤਰ ਸਲੱਖਣ ਸਿੰਘ ਤੁੜ, ਕੁਲਵਿੰਦਰ ਕੌਰ, ਜੋਗਿੰਦਰ ਸਿੰਘ ਖਡੂਰ ਸਹਿਬ, ਦਾਰਾ ਸਿੰਘ ਮੁੰਡਾ ਪਿੰਡ, ਜਸਬੀਰ ਸਿੰਘ ਵੈਰੋਵਾਲ ਆਦਿ ਆਗੂਆਂ ਵਲੋਂ ਕੀਤੀ ਗਈ | ਇਸ ਮੌਕੇ ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਕਿਹਾ ਕੇ ਭਾਜਪਾ ਦੀ ਕੇਂਦਰੀ ਸਰਕਾਰ ਦੀ ਸਾਮਰਾਜ ਪੱਖੀ ਵਿਦੇਸ਼ ਨੀਤੀ ਅਤੇ ਨਾਕਾਮੀਆਂ ਨੇ ਦੇਸ਼ ਨੰੂ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਹੈ | ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ | ਮੋਦੀ ਸਰਕਾਰ ਕਾਰਪੋਰੇਟ ਮਿੱਤਰਾਂ ਦੇ ਮੁਨਾਫਿਆਂ ਲਈ ਅਤੇ ਆਪਣੀਆਂ ਨਾਕਾਮੀਆਂ 'ਤੇ ਪਰਦਾ ਪੋਸੀ ਕਰਕੇ ਸਾਰਾ ਭਾਰ ਆਮ ਲੋਕਾਂ ਉੱਪਰ ਪਾ ਰਹੀ ਹੈ, ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ, ਰੂਸ ਅਤੇ ਹੋਰਨਾਂ ਦੇਸ਼ਾਂ ਤੋਂ ਸਸਤਾ ਕੱਚਾ ਤੇਲ ਲੈ ਕੇ ਲੱਖਾਂ, ਕਰੋੜਾਂ ਦੇ ਮਨਾਫੇ ਕਮਾਉਣ ਵਾਲੀਆਂ ਕੰਪਨੀਆਂ ਨੂੰ ਘਾਟੇ ਦਾ ਰੌਲਾ ਪਾ ਕੇ ਲੋਕਾਂ ਨੂੰ ਗੰੁਮਰਾਹਕੁੰਨ ਝੂਠ ਬੋਲਿਆ ਜਾ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਮਹਿੰਗਾਈ, ਬੇਰੋਜ਼ਗਾਰੀ ਅਤੇ ਰੋਜ ਦੀ ਹੋ ਰਹੀ ਖੱਜਲਖੁਆਰੀ ਖਿਲਾਫ਼ ਸੰਘਰਸ਼ ਦੇ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ | ਇਸ ਮੌਕੇ ਬੀਬੀ ਚਰਨ ਕੌਰ ਮੁਗਲਾਣੀ, ਨਰਿੰਦਰ ਸਿੰਘ ਤੁੜ, ਨਛੱਤਰ ਸਿੰਘ ਤੁੜ, ਸੁਖਵੰਤ ਸਿੰਘ ਛਾਪੜੀ ਸਾਹਿਬ ਆਦਿ ਹਾਜ਼ਰ ਸਨ |