ਨੌਸ਼ਹਿਰਾ ਪੰਨੂੰਆਂ, 8 ਜੂਨ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਨ ਵਿਰੁੱਧ ਚੱਲ ਰਿਹਾ ਪੱਕਾ ਮੋਰਚਾ 19ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਬੋਲਦੇ ਹੋਏ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਬਲਕਾਰ ਸਿੰਘ ਵਲਟੋਹਾ, ਤਰਸੇਮ ਸਿੰਘ ਲੁਹਾਰ, ਜੱਸਾ ਸਿੰਘ ਕੱਦ ਗਿੱਲ, ਸੁਖਬਾਜ ਸਿੰਘ ਸਿੱਧੂ, ਨਛੱਤਰ ਸਿੰਘ ਪੰਨੂ, ਸੁਖਦੇਵ ਸਿੰਘ ਤੁੜ, ਇੰਦਰਜੀਤ ਸਿੰਘ ਮਰਹਾਣਾ ਆਦਿ ਆਗੂਆਂ ਨੇ ਕਿਹਾ ਕਿ ਇਸ ਸਰਕਾਰੀ ਖੰਡ ਮਿਲ ਕਿਸਾਨਾਂ ਦੇ 60 ਫੀਸਦੀ ਹਿੱਸਿਆਂ ਨਾਲ ਬਣੀ ਹੋਈ ਹੈ | ਇਸ ਨੂੰ ਸਰਕਾਰ ਆਪਣੀ ਮਨਮਰਜੀ ਨਾਲ ਅੱਗੇ ਮਾਲਕੀ ਤਬਦੀਲ ਨਹੀਂ ਕਰ ਸਕਦੀ | ਜਿਕਰਯੋਗ ਹੈ ਕਿ ਨਵੰਬਰ 2025 ਵਿਚ ਜਦੋਂ ਭਗਵੰਤ ਮਾਨ ਸਰਕਾਰ ਵਲੋਂ ਹੋਰ ਜਾਇਦਾਦਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਉਸਦੇ ਵਿਚ ਹੀ ਸਹਿਕਾਰੀ ਖੰਡ ਮਿੱਲ ਸ਼ੇਰੋ ਦੀ ਲਗਪਗ 100 ਏਕੜ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਸਬੰਧੀ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ | ਜਦੋਂ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਇਸ ਵਿਰੁੱਧ ਮੋਰਚਾ ਸ਼ੁਰੂ ਕੀਤਾ | ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਇਕ ਤਰਫ ਤਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਬਾਹਰ ਆਉਣ ਲਈ ਕਹਿ ਰਹੀ ਹੈ, ਉੱਥੇ ਨਾਲ ਹੀ ਝੋਨੇ ਦੀ ਫਸਲ ਦਾ ਬਦਲ ਗੰਨਾ ਉਹ ਸੂਗਰ ਮਿਲ ਨੂੰ ਬੰਦ ਕਰ ਰਹੀ | ਪੰਜਾਬ ਸਰਕਾਰ ਦੀ ਬਦਲਵੀਂ ਖੇਤੀ ਨੀਤੀ ਤਾਂ ਹੀ ਢੰਗ ਨਾਲ ਲਾਗੂ ਕੀਤੀ ਜਾ ਸਕਦੀ ਹੈ, ਜੇਕਰ ਸਰਕਾਰ ਝੋਨੇ ਦੀ ਫਸਲ ਦੀ ਜਗ੍ਹਾ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰੇ | ਕਿਸਾਨਾਂ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਤੁਰੰਤ ਇਹ ਖੰਡ ਮਿਲ ਮੁੜ ਚਾਲੂ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਮੰਡ ਇਲਾਕੇ ਵਿਚ ਹੜਾਂ ਨਾਲ ਹੁੰਦੀ ਤਬਾਹੀ ਦੌਰਾਨ ਫਸਲਾਂ ਦਾ ਬਚਾ ਹੋ ਸਕੇ | ਇਕ ਵੱਖਰੇ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਿੱਲ ਖਾਤੇ ਜਮਾਂ ਕਰੋੜਾਂ ਰੁਪਏ ਕਢਵਾ ਕੇ ਮਿਲ ਚਲਾਈ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਫੈਲੋਕੇ, ਜਗਤਾਰ ਸਿੰਘ ਸਿੱਧਵਾਂ, ਸੁਖਦੇਵ ਸਿੰਘ ਢੰਡ , ਕੁਲਦੀਪ ਸਿੰਘ ਵੈਰੋਵਾਲ, ਤਜਿੰਦਰ ਸਿੰਘ, ਸੁਖਦੇਵ ਸਿੰਘ ਵੈਰੋਵਾਲ, ਨਿਰਵੈਰ ਸਿੰਘ ਵੈਰੋਵਾਲ, ਕੁਲਦੀਪ ਸਿੰਘ, ਸੁਖਚੈਨ ਸਿੰਘ ਸਰਹਾਲੀ ਖੁਰਦ, ਅਮਨਦੀਪ ਸਿੰਘ, ਬਲਦੇਵ ਸਿੰਘ ਸ਼ੇਰੋਂ, ਅਮਰੀਕ ਸਿੰਘ ਸੇਰੋਂ ਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |