ਤਰਨ ਤਾਰਨ, 8 ਜੂਨ (ਇਕਬਾਲ ਸਿੰਘ ਸੋਢੀ)-ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਲਾਲੂਘੁੰਮਣ ਦੇ ਕਈ ਪਰਿਵਾਰ ਗੁਰਦੇਵ ਸਿੰਘ ਸੰਧੂ ਦੀ ਅਗਵਾਈ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਹਰਪ੍ਰੀਤ ਸਿੰਘ ਢਿੱਲੋ, ਦਲਬੀਰ ਸਿੰਘ ਪੰਚਾਇਤ ਮੈਂਬਰ, ਦੂਲਾ ਸਿੰਘ, ਕਸ਼ਮੀਰ ਸਿੰਘ, ਜਗਿੰਦਰ ਸਿੰਘ, ਸਰਦਾਰਾ ਸਿੰਘ, ਮੁਖਤਾਰ ਸਿੰਘ, ਅਜਮੇਰ ਸਿੰਘ, ਮੁਖਤਾਰ ਸਿੰਘ, ਸਤਨਾਮ ਸਿੰਘ, ਬਲਬੀਰ ਸਿੰਘ, ਗੁਰਜੰਟ ਸਿੰਘ, ਸੋਨਾ ਸਿੰਘ ਨੂੰ ਗੁਰਦੇਵ ਸਿੰਘ ਸੰਧੂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਗੱਲਬਾਤ ਦੌਰਾਨ ਗੁਰਦੇਵ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਇਸ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਵਾਇਤੀ ਪਾਰਟੀਆਂ ਨੇ ਪੰਜਾਬ ਦੀ ਭਲਾਈ ਅਤੇ ਨੌਜਵਾਨਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਜਿਸ ਦੇ ਚੱਲਦਿਆਂ ਪੰਜਾਬ ਦੇ ਲੋਕ ਹੁਣ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਦੂਰ ਹੋ ਰਹੇ ਹਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ | ਇਸ ਮੌਕੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੇ ਗੁਰਦੇਵ ਸਿੰਘ ਸੰਧੂ ਨੂੰ ਭਰੋਸਾ ਦਿਵਾਇਆ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਚੇ ਨੂੰ ਘਰ ਘਰ ਪਹੁੰਚਾਉਣ ਲਈ ਯਤਨ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ |