ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)—ਇਕ ਕਿਸਾਨ ਦੀ ਪੈਲੀ ਵਿਚੋਂ ਜਬਰਦਸਤੀ ਨਿਸ਼ਾਨਦੇਹੀਆਂ ਹਟਾਉਣ ’ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵਲੋਂ 3 ਵਿਅਕਤੀਆਂ ਤੋਂ ਇਲਾਵਾ 4–5 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਨਜਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਜੀਓਬਾਲਾ ਨੇ ਦੱਸਿਆ ਕਿ ਮਿਤੀ 29 ਮਈ 2026 ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਨਾਇਬ ਤਹਿਸੀਲਦਾਰ, ਪਟਵਾਰੀ, ਪੁਲਿਸ ਪਾਰਟੀ ਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਮੇਰੇ ਅਤੇ ਦੂਸਰੀ ਧਿਰ ਪਲਵਿੰਦਰ ਸਿੰਘ ਦੀ ਜ਼ਮੀਨ ਕਰੀਬ 12 ਕਨਾਲ ਦੀ ਨਿਸ਼ਾਨਦੇਹੀ ਕਰਕੇ ਨਿਸ਼ਾਨੀਆਂ ਲਗਾ ਕੇ ਢੇਰੀਆ ਬਣਾ ਦਿੱਤੀਆ ਤੇ ਕਿੱਲੀਆਂ ਲਗਾ ਦਿੱਤੀਆਂ ਤੇ ਧਿਰ ਜਗਜੀਤ ਸਿੰਘ ਨੇ ਆਪਣੀਆਂ ਵੱਟਾਂ ਪਾ ਦਿੱਤੀਆਂ ਤੇ ਫਿਰ ਉਕਤ ਅਧਿਕਾਰੀਆਂ ਦੇ ਜਾਣ ਮਗਰੋਂ ਪਲਵਿੰਦਰ ਸਿੰਘ ਪੁੱਤਰ ਇੰਦਰਜੀਤ, ਗੁਰਜੰਟ ਸਿੰਘ ਪੁੱਤਰ ਲਖਵਿੰਦਰ ਸਿੰਘ, ਸਰਵਣ ਸਿੰਘ ਪੁੱਤਰ ਲਖਵਿੰਦਰ ਸਿੰਘ ਸਾਰੇ ਵਾਸੀਆਨ ਜੀਓਬਾਲਾ ਅਤੇ ਉਨ੍ਹਾਂ ਨਾਲ ਆਏ 4–5 ਹੋਰ ਅਣਪਛਾਤੇ ਵਿਅਕਤੀਆਂ ਨੇ ਆਪਣਾ ਟਰੈਕਟਰ ਲੈ ਕੇ ਨਿਸ਼ਾਨਦੇਹੀ ਵਾਲੀ 12 ਕਨਾਲਾਂ ਜ਼ਮੀਨ ਵਿਚ ਜਾ ਕੇ ਬਿਨਾ ਕਿਸੇ ਤੋਂ ਪੁੱਛੇ ਦੱਸੇ ਟਰੈਕਟਰ ਨਾਲ ਨਿਸ਼ਾਨਦੇਹੀ ਦੀਆਂ ਲੱਗੀਆਂ ਨਿਸ਼ਾਨੀਆਂ (ਕਿੱਲੇ) ਅਤੇ ਢੇਰੀਆਂ ਨੂੰ ਢਾਹ ਦਿੱਤਾ ਤੇ ਕਿੱਲੇ ਪੁੱਟ ਦਿੱਤੇ ਤੇ ਵੱਟਾਂ ਵਾਹ ਦਿੱਤੀਆ। ਉਪਰੰਤ ਉਕਤ ਵਿਅਕਤੀ ਸਾਡੇ ਘਰ ਆ ਕੇ ਸਾਨੂੰ ਗਾਲੀ–ਗਲੋਚ ਕਰਨ ਲੱਗ ਪਏ ਅਤੇ ਧਮਕੀਆਂ ਦੇਣ ਲੱਗ ਪਏ ਕਿ ਅਸੀਂ ਨਿਸ਼ਾਨਦੇਹੀ ਹਟਾ ਦਿੱਤੀ ਹੈ ਜੋ ਕਰਨਾ ਹੈ ਕਰ ਲਵੋ। ਅਸੀਂ ਆਪਣੀ ਜ਼ਮੀਨ ਵਿਚ ਜਾ ਕੇ ਵੇਖਿਆ ਤਾਂ ਇਨ੍ਹਾਂ ਨੇ ਟਰੈਕਟਰ ਨਾਲ ਨਿਸ਼ਾਨਦੇਹੀ ਵਾਲੇ ਲਗਾਏ ਨਿਸ਼ਾਨ (ਕਿੱਲੇ) ਪੁੱਟ ਦਿੱਤੇ ਅਤੇ ਵੱਟਾਂ ਵਾਹ ਦਿੱਤੀਆਂ ਸਨ, ਜੋ ਇਨ੍ਹਾਂ ਨੇ ਇਸ ਤਰ੍ਹਾਂ ਕਰਕੇ ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਉਲੰਘਣਾ ਕੀਤੀ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਇਆ ਹੈ। ਇਸ ਸੰਬੰਧੀ ਏ.ਐਸ.ਆਈ. ਕੰਵਲਜੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਪਲਵਿੰਦਰ ਸਿੰਘ, ਗੁਰਜੰਟ ਸਿੰਘ, ਸਰਵਣ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ 4–5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਿਸ਼ਾਨਦੇਹੀਆਂ ਹਟਾਉਣ ’ਤੇ 3 ਵਿਅਕਤੀਆਂ ਤੋਂ ਇਲਾਵਾ ਹੋਰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
23-06-2026