ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)—ਪਿੰਡ ਭਿੱਖੀਵਿੰਡ ਵਿਖੇ ਇਕ ਘਰ ਵਿਚ ਚੋਰਾਂ ਵਲੋਂ ਸੰਨ ਲਗਾ ਕੇ ਉਥੋਂ ਇਕ ਪਿਸਟਲ, ਫਰਿੱਜ, ਵਾਸ਼ਿੰਗ ਮਸ਼ੀਨ ਤੋਂ ਇਲਾਵਾ ਘਰ ਦਾ ਭਾਰੀ ਮਾਤਰਾ ਵਿਚ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸੰਬੰਧੀ ਏ.ਐਸ.ਆਈ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮਨਪ੍ਰੀਤ ਕੌਰ ਪਤਨੀ ਸੁਖਚੈਨ ਸਿੰਘ ਵਾਸੀ ਮਾੜੀ ਉਧੋਕੇ ਹਾਲ ਵਾਸੀ ਪਹੂਵਿੰਡ ਰੋਡ ਭਿੱਖੀਵਿੰਡ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ ਸੁਖਚੈਨ ਸਿੰਘ, ਜੋ ਕਿ ਆਰਮੀ ਵਿਚ ਅਰੁਣਾਚਲ ਪ੍ਰਦੇਸ਼ ਡਿਊਟੀ ਕਰਦਾ ਹਨ ਅਤੇ ਉਸ ਦੀ ਸੱਸ ਠੀਕ ਨਾ ਹੋਣ ਕਰਕੇ ਉਹ ਆਪਣੇ ਸਹੁਰੇ ਪਿੰਡ ਮਾੜੀ ਉਧੋਕੇ ਕਰੀਬ 10 ਦਿਨ ਪਹਿਲਾਂ ਉਸ ਦੀ ਦੇਖਭਾਲ ਲਈ ਗਈ ਸੀ ਅਤੇ ਜਦ ਉਸਨੇ ਮਿਤੀ 20 ਜੂਨ 2026 ਨੂੰ ਵਕਤ ਕਰੀਬ 9–10 ਵਜੇ ਸਵੇਰੇ ਆਪਣੇ ਘਰ ਪਹੂਵਿੰਡ ਰੋਡ ਭਿੱਖੀਵਿੰਡ ਆ ਕੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਵੇਖਿਆ ਕਿ ਉਸ ਦੇ ਘਰ ਅਤੇ ਘਰ ਦੇ ਕਮਰਿਆਂ ਅੰਦਰ ਸਾਰਾ ਸਾਾਮਾਨ ਖਿਲਰਿਆ ਪਿਆ ਸੀ ਅਤੇ ਜਦੋਂ ਉਸ ਨੇ ਆਪਣੇ ਘਰ ਦੀ ਛੱਤ ਉੱਪਰ ਜਾਣ ਵਾਲੀਆਂ ਪੌੜੀਆਂ ’ਤੇ ਜਾ ਕੇ ਵੇਖਿਆ ਕਿ ਉਸ ਦੇ ਘਰ ਦੀ ਮੋਮਟੀ ਉੱਪਰ ਲੱਗੇ ਦਰਵਾਜੇ ਦਾ ਇੱਟਾਂ ਨਾਲ ਅੰਦਰੋਂ ਕੁੰਡਾ ਖੋਲ੍ਹ ਕੇ ਕੋਈ ਨਾ ਮਾਲੂਮ ਚੋਰ ਉਸ ਦੇ ਘਰ ਅੰਦਰ ਦਾਖਲ ਹੋਏ ਅਤੇ ਜਿੰਨਾਂ ਨੇ ਇਨ੍ਹਾਂ 10 ਦਿਨਾਂ ਵਿਚ ਪਤਾ ਨਹੀਂ ਕਿਸ ਦਿਨ ਚੋਰੀ ਕਰਕੇ ਘਰ ਵਿਚ ਪਈ ਅਲਮਾਰੀ ਵਿਚ ਪਏ ਲਾਇਸੰਸੀ ਪਿਸਟਲ 32 ਬੋਰ, ਜੋ ਕਿ ਉਸ ਦੇ ਪਤੀ ਸੁਖਚੈਨ ਸਿੰਘ ਦੇ ਨਾਂਅ ’ਤੇ ਹੈ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼, ਫਰਿੱਜ, ਵਾਸ਼ਿੰਗ ਮਸ਼ੀਨ, ਆਰ.ਓ., 6 ਪੱਖੇ ਛੱਤ ਵਾਲੇ, ਕੱਪੜੇ ਸੀਣ ਵਾਲੀ ਮਸ਼ੀਨ, ਪਰਦੇ ਅਤੇ ਬਰਤਨ, ਇੰਨਵੈਟਰ, ਗੈਸ ਚੁੱਲ੍ਹਾ, ਬਿਸਤਰੇ, 32 ਇੰਚ ਐਲ.ਈ.ਡੀ., ਘਰ ਵਿਚ ਖੜੀ ਗੱਡੀ ਆਲਟੋ ਵਿਚ ਲੱਗਾ ਸਟੀਰੀਓ, ਸਪੀਕਰ ਅਤੇ ਗੱਡੀ ਦੀ ਬੈਟਰੀ ਕੱਢ ਕੇ ਚੋਰੀ ਕਰਕੇ ਲੈ ਗਏ ਹਨ। ਇਸ ਸੰਬੰਧੀ ਥਾਣਾ ਭਿੱਖੀਵਿੰਡ ਵਿਖੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚੋਰਾਂ ਵਲੋਂ ਇਕ ਘਰ ਨੂੰ ਲਗਾਈ ਸੰਨ
ਅਜੀਤ ਡੈਸਕ
23-06-2026